ਬਲਾਚੌਰ ’ਚ 12 ਸਤੰਬਰ ਨੂੰ ਹੋਵੇਗੀ ‘ਪੰਜਾਬ ਬਚਾਓ ਰੈਲੀ’ ਬਲਾਚੌਰ 'ਚ ਹੋਵੇਗੀ 12 ਸਤੰਬਰ ਨੂੰ 'ਪੰਜਾਬ ਬਚਾਓ ਰੈਲੀ'
Publish Date: Thu, 20 Aug 2026 05:14 PM (IST)
Updated Date: Thu, 20 Aug 2026 05:15 PM (IST)
- ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਦਾ ਦੌਰ ਜਾਰੀ : ਸੰਦੀਪ ਹਨੀ ਟੌਂਸਾ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਸ਼੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨ ਅਤੇ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਮੰਤਵ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 12 ਸਤੰਬਰ ਨੂੰ ਬਲਾਚੌਰ ਵਿਖੇ ਵਿਸ਼ੇਸ਼ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ। ਇਸ ਰੈਲੀ ਦੀਆਂ ਤਿਆਰੀਆਂ ਅਤੇ ਸਫ਼ਲਤਾ ਲਈ ਹਲਕਾ ਬਲਾਚੌਰ ਦੇ ਵੱਖ-ਵੱਖ ਪਿੰਡਾਂ ਵਿਚ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਮੀਟਿੰਗਾਂ ਦਾ ਤੂਫ਼ਾਨੀ ਦੌਰ ਚਲਾਇਆ ਜਾ ਰਿਹਾ ਹੈ। ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਦੌਰਾਨ ਸਭ ਤੋਂ ਪਹਿਲਾਂ ਬਾਬਾ ਗੁਰਦਿੱਤਾ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਪਿੰਡ ਚਾਂਦਪੁਰ ਰੁੜਕੀ ਵਿਖੇ ਸਰਬੱਤ ਦੇ ਭਲੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ। ਇਸ ਤੋਂ ਬਾਅਦ ਹਲਕੇ ਦੇ ਪ੍ਰਮੁੱਖ ਪਿੰਡਾਂ ਸਹੂੰਗੜਾ, ਜੈਨਪੁਰ, ਰੱਕੜਾ ਢਾਹਾਂ, ਗੁੱਲਪੁਰ, ਮੋਹਰਾਂ, ਖਰੌੜ, ਚਣਕੋਈ, ਰੁੜਕੀ ਖੁਰਦ, ਠਠਿਆਲਾ ਢਾਹਾਂ, ਜਾਡਲੀ, ਮੌਜੋਵਾਲ, ਮਜਾਰਾ, ਬਛੌੜੀ, ਮੰਡਿਆਣੀ, ਕੌਲਗੜ੍ਹ, ਜਗਤਪੁਰ, ਬੂਥਗੜ੍ਹ, ਛੂਛੇਵਾਲ, ਕਰੀਮਪੁਰ ਚਾਹਵਾਲਾ, ਟੋਰੋਵਾਲ ਅਤੇ ਕੁਕੜਸੂਹਾ ਵਿਖੇ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਪਾਰਟੀ ਦੇ ਵਰਕਰਾਂ ਨਾਲ ਰੈਲੀ ਦੇ ਪ੍ਰਬੰਧਾਂ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ 12 ਸਤੰਬਰ ਦੀ ਰੈਲੀ ਵਿਚ ਵੱਡੀ ਤੋਂ ਵੱਡੀ ਗਿਣਤੀ ਵਿਚ ਪਹੁੰਚਣ ਲਈ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਸੱਚੀ ਖੇਤਰੀ ਪਾਰਟੀ ਹੈ, ਜੋ ਹਮੇਸ਼ਾ ਪੰਜਾਬ, ਕਿਸਾਨੀ, ਨੌਜਵਾਨਾਂ ਦੇ ਰੁਜ਼ਗਾਰ ਅਤੇ ਭਾਈਚਾਰਕ ਸਾਂਝ ਦੀ ਰਾਖੀ ਲਈ ਡਟ ਕੇ ਖੜ੍ਹਦੀ ਆਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਿਹਾ ਹੈ। ਸੰਦੀਪ ਹਨੀ ਟੌਂਸਾ ਹਲਕਾ ਇੰਚਾਰਜ ਨੇ ਦੱਸਿਆ ਕਿ 12 ਸਤੰਬਰ ਨੂੰ ਬਲਾਚੌਰ ਵਿਖੇ ਹੋਣ ਜਾ ਰਹੀ ‘ਪੰਜਾਬ ਬਚਾਓ ਰੈਲੀ’ ਪੰਜਾਬ ਦੀ ਸਿਆਸਤ ਵਿਚ ਇੱਕ ਨਵਾਂ ਮੋੜ ਸਾਬਿਤ ਹੋਵੇਗੀ। ਅੱਜ ਪੰਜਾਬ ਦਾ ਨੌਜਵਾਨ, ਕਿਸਾਨ ਅਤੇ ਆਮ ਵਰਗ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਤੰਗ ਆ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਹ ਰੈਲੀ ਇਲਾਕੇ ਵਿਚ ਇਤਿਹਾਸਕ ਇਕੱਠ ਕਰ ਕੇ ਇੱਕ ਨਵਾਂ ਰਿਕਾਰਡ ਕਾਇਮ ਕਰੇਗੀ। ਅਸੀਂ ਹਲਕਾ ਬਲਾਚੌਰ ਦੇ ਸਮੁੱਚੇ ਯੂਥ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ 12 ਸਤੰਬਰ ਨੂੰ ਵੱਡੀ ਤੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਪਾਰਟੀ ਦੇ ਹੱਥ ਮਜ਼ਬੂਤ ਕਰਨ। ਇਨ੍ਹਾਂ ਮੀਟਿੰਗਾਂ ਵਿਚ ਦਿਲਾਵਰ ਸਿੰਘ ਦਿੱਲੀ ਪ੍ਰਧਾਨ, ਵਿਮਲ ਕੁਮਾਰ ਸਿਆਣਾ, ਤਰਲੋਚਨ ਸਿੰਘ ਰੱਕੜ ਸਾਬਕਾ ਚੇਅਰਮੈਨ, ਮੋਹਨ ਸਿੰਘ ਟੱਪਰੀਆਂ, ਸਤਨਾਮ ਸਿੰਘ ਰਾਜੂਮਾਜਰਾ, ਦਲਜੀਤ ਸਿੰਘ ਮਾਣੇਵਾਲ, ਰਾਣਾ ਰਣਦੀਪ ਕੌਸ਼ਲ, ਗੁਰਦੀਪ ਸਿੰਘ ਬਕਾਪੁਰ, ਅਜਮੇਰ ਸਿੰਘ ਭਾਰਾਪੁਰ, ਰਣਵੀਰ ਸਿੰਘ ਭੱਟੀ, ਹਰਦੇਵ ਸਿੰਘ ਮੋਹਰਾਂ ਸਮੇਤ ਪਿੰਡਾਂ ਦੇ ਸਰਪੰਚ, ਪੰਚ, ਯੂਥ ਆਗੂ ਅਤੇ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਵਿਚ ਪੂਰਨ ਵਿਸ਼ਵਾਸ ਪ੍ਰਗਟਾਉਂਦਿਆਂ ‘ਪੰਜਾਬ ਬਚਾਓ ਰੈਲੀ’ ਵਿਚ ਭਰਵੀਂ ਸ਼ਮੂਲੀਅਤ ਦਾ ਭਰੋਸਾ ਦਿੱਤਾ।