ਸਰਗੁਣ ਕੌਰ ਢਾਹਾਂ ਨੇ ਕੁਸ਼ਤੀ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਮਗਾ ਸਰਗੁਣ ਕੌਰ ਢਾਹਾਂ ਨੇ ਕੁਸ਼ਤੀ ਮੁਕਾਬਲੇ ਵਿਚ ਜਿੱਤਿਆ ਕਾਂਸੀ ਦਾ ਤਮਗਾ
Publish Date: Sun, 18 Oct 2026 05:01 PM (IST)
Updated Date: Sun, 18 Oct 2026 05:03 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਹੋਣਹਾਰ ਵਿਦਿਆਰਥਣ ਪਹਿਲਵਾਨ ਸਰਗੁਣ ਕੌਰ ਢਾਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਅੰਡਰ-14 ਸਾਲ ਉਮਰ ਵਰਗ, 54 ਕਿਲੋ ਭਾਰ ਵਰਗ ਵਿਚ ਕਾਂਸੇ ਦਾ ਤਮਗਾ ਜਿੱਤ ਕੇ ਆਪਣੇ ਮਾਪਿਆਂ, ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਮਾਨਸਾ ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਸਰਗੁਣ ਦੀ ਇਸ ਪ੍ਰਾਪਤੀ ਨਾਲ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮਾਣਮੱਤੀ ਪ੍ਰਾਪਤੀ ਤੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਪਿੰਡ ਢਾਹਾਂ ਦੀ ਜੰਮਪਲ ਸਰਗੁਣ ਕੌਰ ਪੁੱਤਰੀ ਬਲਜੀਤ ਸਿੰਘ ਅਤੇ ਡਾ. ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੂੰ ਵਧਾਈ ਦਿੰਦਿਆਂ ਉਸ ਦੇ ਸੁਨਹਿਰੀ ਭਵਿੱਖ ਅਤੇ ਹੋਰ ਵੱਡੀਆਂ ਖੇਡ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਿਹਨਤੀ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਟਰੱਸਟ ਦੀ ਮੁੱਖ ਤਰਜੀਹ ਹੈ ਅਤੇ ਸਰਗੁਣ ਕੌਰ ਢਾਹਾਂ ਦੀ ਸਫ਼ਲਤਾ ਹੋਰਨਾਂ ਵਿਦਿਆਰਥਣਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ।।ਇਸ ਤੋਂ ਪਹਿਲਾਂ ਸਕੂਲ ਪਹੁੰਚਣ ਤੇ ਉਸ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਵਨੀਤਾ ਚੋਟ ਨੇ ਸਰਗੁਣ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਸਾਡੇ ਸਕੂਲ ਲਈ ਮਾਣ ਵਾਲੀ ਗੱਲ ਹੈ।। ਇਸ ਮੌਕੇ ਪ੍ਰਿੰ. ਡਾ. ਰਮਨਦੀਪ ਕੌਰ ਨੇ ਉਨ੍ਹਾਂ ਦੀ ਧੀ ਸਰਗੁਣ ਕੌਰ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਉਸ ਵੱਲੋਂ ਪੰਜਾਬ ਪੱਧਰ ਤੇ ਪ੍ਰਾਪਤ ਸਫ਼ਲਤਾ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜਿਸ ਲਈ ਉਨ੍ਹਾਂ ਨੇ ਟਰੱਸਟ ਅਤੇ ਸਕੂਲ ਵੱਲੋਂ ਦਿੱਤੇ ਸਹਿਯੋਗ, ਹੌਸਲਾ ਅਫ਼ਜ਼ਾਈ ਅਤੇ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਜਸਵੀਰ ਕੌਰ, ਕੋਮਲ, ਖੇਡ ਅਧਿਆਪਕ ਕੁਲਜੀਤ ਸਿੰਘ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।