ਸਾਈਂ ਕਾਲਜ ਵਿਖੇ 'ਗ੍ਰਾਮ ਸੇਵਾ ਅਤੇ ਪਰੰਪਰਾਗਤ ਖੇਡ ਦਿਵਸ' ਕਰਵਾਇਆ ਸਾਈਂ ਕਾਲਜ ਵਿਖੇ 'ਗ੍ਰਾਮ ਸੇਵਾ ਅਤੇ ਪਰੰਪਰਾਗਤ ਖੇਡ ਦਿਵਸ' ਕਰਵਾਇਆ
Publish Date: Fri, 30 Oct 2026 04:48 PM (IST)
Updated Date: Fri, 30 Oct 2026 04:49 PM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ ਜਾਡਲਾ : ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਵਿਖੇ ਰਾਸ਼ਟਰੀ ਸੇਵਾ ਯੋਜਨਾ ਵੱਲੋਂ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ 100 ਹਫ਼ਤਿਆਂ ਦੇ ਸੰਕਲਪ ਅਭਿਆਨ ਤਹਿਤ ਛੇਵੇਂ ਹਫ਼ਤੇ ਦਾ ਪ੍ਰੋਗਰਾਮ ਗ੍ਰਾਮ ਸੇਵਾ ਅਤੇ ਪਰੰਪਰਾਗਤ ਖੇਡ ਦਿਵਸ ਉਤਸ਼ਾਹ ਨਾਲ ਕਰਵਾਇਆ। ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ, ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਿੰ. ਰਜਨੀਸ਼ ਕੁਮਾਰ ਡਾਇਟ ਨੌਰਾ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮਨਦੀਪ ਕੌਰ ਜ਼ਿਲ੍ਹਾ ਸਿਹਤ ਕੋਆਰਡੀਨੇਟਰ ਨਵਾਂਸ਼ਹਿਰ ਅਤੇ ਡਾ. ਕਾਮਿਨੀ ਪ੍ਰਿੰਸੀਪਲ ਹੁਸ਼ਿਆਰਪੁਰ ਕਾਲਜ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਰਹੇ। ਪ੍ਰਿੰ. ਡਾ. ਸੁਨੀਲਾ ਧੀਰ, ਵਾਈਸ ਚੇਅਰਮੈਨ ਇੰਜੀਨੀਅਰ ਗੌਰਵ ਜੌਹਰ, ਮੈਨੇਜਿੰਗ ਡਾਇਰੈਕਟਰ ਅਨੁਪਮ ਜੌਹਰ ਅਤੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਬਲਵਿੰਦਰ ਕੌਰ ਨੇ ਮੁੱਖ ਮਹਿਮਾਨ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਮੁੱਖ ਮਹਿਮਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੀ ਊਰਜਾ ਉਸਾਰੂ ਗਤੀਵਿਧੀਆਂ ਅਤੇ ਖੇਡਾਂ ਵਿਚ ਲਗਾਉਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਐੱਨਐੱਸਐੱਸ ਵਲੰਟੀਅਰਾਂ ਨੇ ਕਬੱਡੀ, ਖੋ-ਖੋ, ਰੱਸਾਕਸ਼ੀ ਅਤੇ ਰੱਸੀ ਟੱਪਣ ਵਰਗੀਆਂ ਰਵਾਇਤੀ ਖੇਡਾਂ ਵਿਚ ਭਾਗ ਲਿਆ। ਇਨ੍ਹਾਂ ਖੇਡਾਂ ਰਾਹੀਂ ਵਿਦਿਆਰਥੀਆਂ ਵਿਚ ਸਰੀਰਕ ਤੰਦਰੁਸਤੀ, ਆਪਸੀ ਸਹਿਯੋਗ, ਅਨੁਸ਼ਾਸਨ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਗ੍ਰਾਮ ਸੇਵਾ ਤਹਿਤ ਸਫ਼ਾਈ ਮੁਹਿੰਮ ਚਲਾਈ ਗਈ ਅਤੇ ਪੌਦੇ ਲਗਾਉਣ ਤੇ ਉਨ੍ਹਾਂ ਨੂੰ ਪਾਣੀ ਦੇਣ ਵਰਗੀਆਂ ਗਤੀਵਿਧੀਆਂ ਵੀ ਕੀਤੀਆਂ। ਇਨ੍ਹਾਂ ਕਾਰਜਾਂ ਰਾਹੀਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਅਤੇ ਸਮਾਜ ਸੇਵਾ ਲਈ ਪ੍ਰੇਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਨੇ ਖੇਡਾਂ, ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮਹੱਤਵ ਨੂੰ ਉਜਾਗਰ ਕੀਤਾ।