ਨਵਾਂਸ਼ਹਿਰ ’ਚ ਕਰਵਾਈ ਮੈਰਾਥਨ ’ਚ ਰੋਸ਼ਨ ਕੁਮਾਰ ਪਹਿਲੇ ਸਥਾਨ ’ਤੇ ਰਿਹਾ ਨਵਾਂਸ਼ਹਿਰ 'ਚ ਕਰਵਾਈ ਮੈਰਾਥਨ 'ਚ ਰੌਸ਼ਨ ਕੁਮਾਰ ਪਹਿਲਾ ਸਥਾਨ 'ਤੇ
Publish Date: Tue, 11 Aug 2026 05:31 PM (IST)
Updated Date: Tue, 11 Aug 2026 05:32 PM (IST)
- ਲੜਕੀਆਂ ’ਚ ਇੰਦਰਜੋਤ ਕੌਰ ਪਹਿਲੇ ਸਥਾਨ ’ਤੇ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 5 ਕਿਲੋਮੀਟਰ ਮੈਰਾਥਨ ’ਚ ਅੱਠਵੀਂ ਜਮਾਤ ਦੇ ਵਿਦਿਆਰਥੀ ਰੋਸ਼ਨ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਧਾਨ ਵੱਲੋਂ ਗੁਲਪ੍ਰੀਤ ਸਿੰਘ ਔਲਖ ਦੀ ਅਗਵਾਈ ਅਧੀਨ ਆਈਟੀਆਈ ਗਰਾਊਂਡ ਵਿਖੇ ਇਕ ਖ਼ਾਸ ਮੈਰਾਥਨ ਕਰਵਾਈ ਗਈ। ਜਿਸ ਵਿਚ 500 ਤੋਂ ਵੱਧ ਹਰ ਉਮਰ ਦੇ ਭਾਗੀਦਾਰਾਂ ਨੇ ਹਿੱਸਾ ਲਿਆ। ਮੈਰਾਥਨ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾ ਅਤੇ ਸਹਾਇਕ ਕਮਿਸ਼ਨਰ ਰਮਨਜੀਤ ਵੱਲੋਂ ਹਰੀ ਝੰਡੀ ਦਿਖਾ ਕੇ ਕੀਤੀ। ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਮੈਰਾਥਨ ਦਾ ਮੰਤਵ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਅਤੇ ਉਨ੍ਹਾਂ ਦੇ ਬਰਾਬਰੀ, ਮਨੁੱਖਤਾ ਅਤੇ ਮਾਣ-ਸਤਿਕਾਰ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੇ ਜਾਤ-ਪਾਤ ਦੇ ਵਿਤਕਰੇ ਅਤੇ ਸਮਾਜਿਕ ਨਾ-ਬਰਾਬਰੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਮਨੁੱਖਤਾ ਨੂੰ ਸੱਚਾ ਰਾਹ ਦਿਖਾਇਆ, ਜਦੋਂਕਿ ਉਨ੍ਹਾਂ ਦਾ ਬਰਾਬਰੀ ਵਾਲੇ ਸਮਾਜ ਦਾ ਸੰਕਲਪ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਉਪਰੰਤ ਇਹ ਮੈਰਾਥਨ ਕਰਵਾਈ ਗਈ ਹੈ ਅਤੇ ਅੱਗੇ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਫਲਸਫੇ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ। ਮੈਰਾਥਨ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਹਿੰਦੂ ਹਾਈ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਰੋਸ਼ਨ ਕੁਮਾਰ ਪੁੱਤਰ ਨੰਦ ਲਾਲ ਪਾਸਵਾਨ ਵਸਨੀਕ ਪਿੰਡ ਜੀਂਦੋਵਾਲ ਨੇ ਦੱਸਿਆ ਕਿ ਉਸ ਦੇ ਪਿਤਾ ਦਿਹਾੜੀਦਾਰ ਹਨ ਅਤੇ ਉਸ ਦੇ ਮਾਤਾ-ਪਿਤਾ ਐਥਲੈਟਿਕ ਦੇ ਅਭਿਆਸ ਲਈ ਪੂਰਾ ਸਹਿਯੋਗ ਦਿੰਦੇ ਹਨ। ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਅੱਜ ਉਹ ਮੈਰਾਥਨ ਜਿੱਤਣ ਵਿਚ ਕਾਮਯਾਬ ਹੋਇਆ ਹੈ। ਲੜਕੀਆਂ ਵਿਚੋਂ ਪਹਿਲਾ ਸਥਾਨ ਹਾਸਲ ਅਤੇ ਮੈਰਾਥਨ ਵਿਚੋਂ ਚੌਦਵੇਂ ਸਥਾਨ ਉੱਤੇ ਰਹੀ ਇੰਦਰਜੋਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ ਆਪਣੇ ਐਥਲੈਟਿਕ ਕੋਚ ਮਲਕੀਤ ਸਿੰਘ ਦਾ ਧੰਨਵਾਦ ਕੀਤਾ। ਜੋ ਉਨ੍ਹਾਂ ਨੂੰ ਰੋਜ਼ਾਨਾ ਪੇਸ਼ੇਵਰ ਸਿਖਲਾਈ ਦਿੰਦੇ ਹਨ। ਇੰਦਰਜੀਤ ਕੌਰ ਸਿੱਖ ਨੈਸ਼ਨਲ ਕਾਲਜ ਦੀ ਐੱਮਏ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ, ਜਿਸ ਵੱਲੋਂ ਖੇਲੋ ਇੰਡੀਆ ਸਮੇਤ ਰਾਜ ਅਤੇ ਰਾਸ਼ਟਰੀ ਪੱਧਰੀ ਮੁਕਾਬਲੇ ਵਿਚ ਹਿੱਸਾ ਲਈ ਕੇ ਵੱਡੇ ਮੁਕਾਮ ਹਾਸਲ ਕੀਤੇ ਹਨ। ਖੇਡ ਅਫ਼ਸਰ ਵੰਦਨਾ ਚੌਹਾਨ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮੈਰਾਥਨ ਰਾਹੀਂ ਨੌਜਵਾਨਾਂ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜੁੜਨ ਦਾ ਮੌਕਾ ਮਿਲਿਆ ਹੈ, ਉਥੇ ਹੀ ਤੰਦੁਰਸਤ ਜੀਵਨ ਪ੍ਰਤੀ ਪ੍ਰੇਰਿਤ ਵੀ ਕੀਤਾ ਗਿਆ ਹੈ। ਲੜਕਿਆਂ ਵਿਚੋਂ ਪਹਿਲਾ ਰੌਸ਼ਨ ਕੁਮਾਰ, ਦੂਜਾ ਅਮਨ, ਤੀਜਾ ਸਾਹਿਲ ਬੰਗਾ, ਲੜਕੀਆਂ ਵਿਚੋਂ ਇੰਦਰਜੋਤ ਕੌਰ ਬੰਗਾ, ਦੂਜਾ ਪਲਕ ਸੜੋਆ, ਤੀਜਾ ਬਲਵਿੰਦਰ ਕੌਰ ਸੜੋਆ ਨੇ ਹਾਸਲ ਕੀਤਾ। ਇਸ ਮੌਕੇ ਪੌਦੇ ਲਗਾ ਕੇ ਜਿਲ੍ਹੇ ਨੂੰ ਹਰਿਆ-ਭਰਿਆ ਅਤੇ ਸਾਫ ਸੁਥਰਾ ਵਾਤਾਵਰਣ ਬਣਾਉਣ ਦਾ ਸੰਦੇਸ਼ ਦਿੱਤਾ ਅਤੇ ਭਾਗੀਦਾਰਾਂ ਨੂੰ ਮੁਫ਼ਤ ਪੌਦੇ ਵੀ ਵੰਡੇ ਗਏ। ਇਸ ਮੈਰਾਥਨ ਰੇਸ ਨੂੰ ਸਫਲ ਬਣਾਉਣ ਲਈ ਮੰਡੀ ਬੋਰਡ, ਐਕਸਾਈਜ ਵਿਭਾਗ, ਵੇਰਕਾ, ਮਾਰਕਫੈੱਡ, ਜੰਗਲਾਤ ਵਿਭਾਗ, ਮੀਡੀਆ ਅਤੇ ਹੋਰ ਵਿਭਾਗਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ।।ਪੁਲਿਸ ਪ੍ਰਸ਼ਾਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਡੀਪੀਆਰਓ ਕਰਨ ਮਹਿਤਾ, ਨਾਇਬ ਤਹਿਸੀਲਦਾਰ ਜਸਕਰਨ ਸਿੰਘ, ਖੇਡ ਵਿਭਾਗ ਕੋਚ ਮਲਕੀਤ ਸਿੰਘ, ਅਨਾਮਿਕਾ, ਰਾਧਾ ਦੇਵੀ ਐਥਲੈਟਿਕਸ ਕੋਚ, ਜਸਕਰਨ ਕੌਰ ਕਬੱਡੀ ਕੋਚ, ਜਸਵਿੰਦਰ ਸਿੰਘ, ਸਤਬੀਰ ਸਿੰਘ ਸੱਤੀ, ਗੁਰਪ੍ਰੀਤ ਸਿੰਘ ਫੁੱਟਬਾਲ ਕੋਚ, ਗੁਰਤੇਜ ਸਿੰਘ ਸੁਪਰਵਾਈਜਰ ਨਰਸਰੀ, ਰਮਨਦੀਪ ਕੌਰ ਬੈਡਮਿੰਟਨ ਕੋਚ, ਅਕੁਲਜੀਤ ਸਿੰਘ ਹਾਕੀ ਕੋਚ, ਮਨਪ੍ਰੀਤ ਸਿੰਘ, ਨਵੀਨ ਕੁਮਾਰ ਵਾਲੀਬਾਲ ਕੋਚ ਆਦਿ ਹਾਜ਼ਰ ਸਨ।