ਦੋਆਬਾ ਗਰੁੱਪ ਆਫ਼ ਕਾਲਜਿਜ਼ ’ਚ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ ਦੋਆਬਾ ਗਰੁੱਪ ਆਫ਼ ਕਾਲਜਿਜ਼ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Wed, 07 Oct 2026 04:38 PM (IST)
Updated Date: Wed, 07 Oct 2026 04:41 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਦੋਆਬਾ ਗਰੁੱਪ ਆਫ਼ ਕਾਲਜਿਜ਼ ਰਾਹੋਂ ਵਿਖੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਸੜਕੀ ਵਿਹਾਰ, ਟ੍ਰੈਫਿਕ ਨਿਯਮਾਂ ਅਤੇ ਸੜਕ ਹਾਦਸਿਆਂ ਤੋਂ ਬਚਾਅ ਦੇ ਉਪਾਵਾਂ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਟ੍ਰੈਫਿਕ ਨਿਯਮ ਅਤੇ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ। ਡੀਐੱਸਪੀ (ਟ੍ਰੈਫਿਕ) ਸੁਰਿੰਦਰ ਚਾਂਦ, ਟ੍ਰੈਫਿਕ ਐਜੂਕੇਸ਼ਨ ਸੈਲ ਦੇ ਐੱਸਆਈ ਪਰਵੀਨ ਕੁਮਾਰ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਸੰਬੰਧੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹੈਲਮੈਟ ਅਤੇ ਸੀਟ ਬੈਲਟ ਪਹਿਨਣ, ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰਨ, ਸੁਰੱਖਿਅਤ ਗਤੀ ਬਣਾਈ ਰੱਖਣ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਤੋਂ ਬਚਣ ਅਤੇ ਨਸ਼ੇ ਦੀ ਹਾਲਤ ਵਿਚ ਵਾਹਨ ਨਾ ਚਲਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਸੈਮੀਨਾਰ ਦਾ ਇੱਕ ਮਹੱਤਵ ਪੂਰਨ ਹਿੱਸਾ ਵਿਦਿਆਰਥੀਆਂ ਵੱਲੋਂ ਸੜਕ ਹਾਦਸਾ ਵਾਪਰਨ ਦੀ ਸਥਿਤੀ ਵਿਚ ਕੀਤੀ ਜਾਣ ਵਾਲੀ ਕਾਰਵਾਈ ਸੰਬੰਧੀ ਵਿਹਾਰਕ ਪ੍ਰਦਰਸ਼ਨੀ ਸੀ। ਹਾਦਸਾ ਵਾਪਰਨ ਤੇ ਤੁਰੰਤ ਐਮਰਜੈਂਸੀ ਸਹਾਇਤਾ ਲੈਣੀ, ਸੰਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨਾ ਅਤੇ ਜ਼ਖ਼ਮੀ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਯੋਗ ਡਾਕਟਰੀ ਸਹਾਇਤਾ ਤੱਕ ਪਹੁੰਚਾਉਣ ਵਿਚ ਮੱਦਦ ਕਰਨੀ ਚਾਹੀਦੀ ਹੈ। ਗੁੱਡ ਸਮੈਰੀਟਨ ਪ੍ਰਬੰਧ ਅਧੀਨ ਲੋਕਾਂ ਨੂੰ ਹਾਦਸਾ ਪੀੜਤਾਂ ਦੀ ਮੱਦਦ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਬੇਲੋੜੀ ਪਰੇਸ਼ਾਨੀ ਜਾਂ ਕਾਨੂੰਨੀ ਜਟਿਲਤਾਵਾਂ ਦੇ ਡਰ ਤੋਂ ਬਿਨਾਂ ਸਹਾਇਤਾ ਮਿਲ ਸਕੇ। ਵਿਦਿਆਰਥੀਆਂ ਨੂੰ ਸੜਕ ਹਾਦਸਿਆਂ ਦੇ ਪੀੜਤਾਂ ਲਈ ਸਰਕਾਰ ਵੱਲੋਂ ਉਪਲਬਧ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸੜਕ ਹਾਦਸਾ ਪੀੜਤਾਂ ਲਈ ਹਸਪਤਾਲ ਵਿਚ ਭਰਤੀ ਅਤੇ ਯਕੀਨੀ ਇਲਾਜ ਪੀਐਮ-ਰਾਹਤ ਯੋਜਨਾ ਤਹਿਤ ਯੋਗ ਸੜਕ ਹਾਦਸਾ ਪੀੜਤਾਂ ਨੂੰ ਨਿਰਧਾਰਤ ਹਸਪਤਾਲਾਂ ਵਿਚ ਯੋਜਨਾ ਦੀਆਂ ਲਾਗੂ ਸ਼ਰਤਾਂ ਅਨੁਸਾਰ ਕੈਸ਼ਲੈੱਸ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਿੱਟ-ਐਂਡ-ਰਨ ਸੜਕ ਹਾਦਸਿਆਂ ਦੇ ਪੀੜਤਾਂ ਲਈ ਮੁਆਵਜ਼ੇ ਦੀਆਂ ਵਿਵਸਥਾਵਾਂ ਅਤੇ ਭਾਰਤ ਸਰਕਾਰ ਵੱਲੋਂ ਨਿਰਧਾਰਤ ਵਧੇ ਹੋਏ ਮੁਆਵਜ਼ੇ ਬਾਰੇ ਵੀ ਜਾਣਕਾਰੀ ਦਿੱਤੀ। ਜਿਸ ਰਾਹੀਂ ਵਿਦਿਆਰਥੀਆਂ ਨੇ ਸਮਝਿਆ ਕਿ ਜ਼ਿੰਮੇਵਾਰੀ ਨਾਲ ਵਾਹਨ ਚਲਾਉਣਾ ਅਤੇ ਹਾਦਸੇ ਦੀ ਸਥਿਤੀ ਵਿਚ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨਾ ਕੀਮਤੀ ਜਾਨਾਂ ਬਚਾਉਣ ਵਿਚ ਮਹੱਤਵ ਪੂਰਨ ਭੂਮਿਕਾ ਨਿਭਾ ਸਕਦਾ ਹੈ।।ਦੋਆਬਾ ਗਰੁੱਪ ਆਫ਼ ਕਾਲਜਿਜ਼ ਰਾਹੋਂ ਦੀ ਮੈਨੇਜਮੈਂਟ ਨੇ ਟ੍ਰੈਫਿਕ ਪੁਲਿਸ ਨਵਾਂਸ਼ਹਿਰ ਵੱਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।