ਆਰਐੱਮਪੀਆਈ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਆਰਐਮਪੀਆਈ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ
Publish Date: Tue, 13 Oct 2026 04:09 PM (IST)
Updated Date: Tue, 13 Oct 2026 04:11 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਖ਼ਿਲਾਫ਼ ਚਲਾਏ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਦੀ ਹਮਾਇਤ ਵਿਚ ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ), ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਆਰਐੱਮਪੀਆਈ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਅਤੇ ਸਕੱਤਰ ਕੁਲਦੀਪ ਸਿੰਘ ਦੌੜਕਾ ਦੀ ਅਗਵਾਈ ਵਿਚ ਜਗਤਪੁਰ ਬਘੌਰਾ ਵਿਖੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ। ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਦਾ ਤੁਰੰਤ ਅਸਤੀਫਾ ਲੈਣ ਅਤੇ ਉਸ ਨੂੰ ਦੇਸ਼ ਧਰੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਵੋਟਾਂ ਦੀ ਕਥਿਤ ਚੋਰੀ ਅਤੇ ਐੱਸਆਈਆਰ ਪ੍ਰਕਿਰਿਆ ਰਾਹੀਂ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਵੱਡੀ ਗਿਣਤੀ ਵਿਚ ਭਾਜਪਾ ਵਿਰੋਧੀ ਵੋਟਰਾਂ ਦੇ ਨਾਮ ਵੋਟਰ ਸੂਚੀਆਂ ਵਿਚੋਂ ਕੱਟੇ ਜਾਣ ਦੇ ਵਿਰੋਧ ਵਿਚ ਕੀਤਾ। ਇਸ ਮੌਕੇ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਐੱਸਆਈਆਰ ਪ੍ਰਕਿਰਿਆ ਰਾਹੀਂ ਦੇਸ਼ ਦੇ ਕਰੋੜਾਂ ਵੋਟਰਾਂ ਦੇ ਨਾਮ ਕੱਟੇ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਵਿਚੋਂ ਨਾਮ ਕੱਟਣ ਦੀ ਪ੍ਰਕਿਰਿਆ ਪਾਰਦਰਸ਼ੀ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਯੋਗ ਵੋਟਰ ਨੂੰ ਉਸ ਦੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾਣਾ ਚਾਹੀਦਾ। ਪਾਰਟੀ ਆਗੂਆਂ ਨੇ ਮੰਗ ਕੀਤੀ ਕਿ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਚੋਣਾਂ ਈਵੀਐੱਮ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਉਣ ਅਤੇ ਵੋਟਰ ਸੂਚੀਆਂ ਵਿਚੋਂ ਨਾਮ ਕੱਟੇ ਜਾਣ ਸਬੰਧੀ ਉਠਾਏ ਜਾ ਰਹੇ ਸਵਾਲਾਂ ਦਾ ਸਰਕਾਰ ਵੱਲੋਂ ਢੁੱਕਵਾਂ ਜਵਾਬ ਦਿੱਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵੋਟ ਦਾ ਅਧਿਕਾਰ ਲੋਕਤੰਤਰ ਦੀ ਬੁਨਿਆਦ ਹੈ ਅਤੇ ਇਸ ਦੀ ਰਾਖੀ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਦੇਸ਼ ਦੀਆਂ ਧਰਮ ਨਿਰਪੱਖ ਧਿਰਾਂ, ਲੜ ਰਹੇ ਵਿਦਿਆਰਥੀਆਂ ਅਤੇ ਇੰਡੀਆ ਗਠਜੋੜ ਦੀ ਡੱਟ ਕੇ ਮੱਦਦ ਕੀਤੀ ਜਾਵੇ। ਇਸ ਮੌਕੇ ਸੋਢੀ ਰਾਮ ਸਾਬਕਾ ਸਰਪੰਚ, ਬਲਿਹਾਰ ਰਾਮ ਸਾਬਕਾ ਪੰਚ, ਸੋਹਣ ਲਾਲ, ਅਸ਼ਨੀ ਕੁਮਾਰ ਸਾਬਕਾ ਪੰਚ, ਕਿਰਨਾ ਸਾਬਕਾ ਪੰਚ, ਰੇਸ਼ਮ ਸਿੰਘ ਸਾਬਕਾ ਪੰਚ, ਦੇਵ ਰਾਜ, ਪਰਮਜੀਤ, ਵਿਜੇ ਦੀਪਕ, ਪਰਮਜੀਤ ਕੌਰ, ਪੁਸ਼ਪਾ ਰਾਣੀ, ਰਾਜੀਵ ਰਾਣੀ, ਜਸਵਿੰਦਰ ਕੌਰ, ਹਰਮੇਸ਼ ਸਿੰਘ, ਅਮਰੀਕ ਰਾਮ, ਅਮਰਜੀਤ, ਸੁਖਵਿੰਦਰ ਰਾਮ, ਕੇਵਲ ਸਿੰਘ, ਭੁਪਿੰਦਰ ਕੁਮਾਰ, ਲਵਪ੍ਰੀਤ, ਮਨਜੀਤ ਰਾਮ, ਸੁਖਵਿੰਦਰ ਕੌਰ, ਪ੍ਰਿਅੰਕਾ, ਸੁਖਜੀਤ ਕੌਰ, ਬਰਿੰਦਰ, ਮਨਜਿੰਦਰ, ਕਿਰਨ ਬਾਲਾ, ਬੰਸੋ, ਸ਼ੀਲੋ, ਕਸ਼ਮੀਰ ਕੌਰ ਪੰਚ, ਭੁਪਿੰਦਰ ਕੁਮਾਰ, ਨਰੇਸ਼ ਕੁਮਾਰ ਠੇਕੇਦਾਰ, ਬੂਟਾ ਰਾਮ ਆਦਿ ਹਾਜ਼ਰ ਸਨ।