- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਗਣਨਾ 2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ

- ਚਾਰਜ ਅਫ਼ਸਰਾਂ ਤੇ ਫੀਲਡ ਅਮਲੇ ਵੱਲੋਂ ਦਿਖਾਏ ਗਏ ਸਮਰਪਣ ਤੇ ਵਚਨਬੱਧਤਾ ਦੀ ਕੀਤੀ ਸ਼ਲਾਘਾ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਜਨਗਣਨਾ 2027 ਦੇ ਦੂਜੇ ਪੜਾਅ (ਜਨਸੰਖਿਆ ਗਿਣਤੀ) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਡਾ. ਨਵਜੋਤ ਖੋਸਾ, ਆਈਏਐਸ ਡਾਇਰੈਕਟਰ ਜਨਗਣਨਾ ਸੰਚਾਲਨ ਪੰਜਾਬ ਨੇ ਕੀਤੀ। ਇਸ ਮੀਟਿੰਗ ਵਿਚ ਗੁਲਪ੍ਰੀਤ ਸਿੰਘ ਔਲਖ ਆਈਏਐੱਸ ਡਿਪਟੀ ਕਮਿਸ਼ਨਰ-ਕਮ-ਪ੍ਰਮੁੱਖ ਜਨਗਣਨਾ ਅਫ਼ਸਰ, ਸੰਜੀਵ ਸ਼ਰਮਾ ਪੀਸੀਐੱਸ ਵਧੀਕ ਡਿਪਟੀ ਕਮਿਸ਼ਨਰ (ਜ), ਉਪ-ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ/ਕਾਰਜ ਸਾਧਕ ਅਫ਼ਸਰ, ਚਾਰਜ ਅਫ਼ਸਰ ਅਤੇ ਜਨਗਣਨਾ ਡਿਊਟੀ ਨਾਲ ਸਬੰਧਿਤ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ। ਮੀਟਿੰਗ ਦੇ ਸ਼ੁਰੂ ਵਿਚ ਡਾਇਰੈਕਟਰ, ਜਨਗਣਨਾ ਸੰਚਾਲਨ ਨੇ ਚਾਰਜ ਅਫ਼ਸਰਾਂ ਅਤੇ ਫੀਲਡ ਅਮਲੇ ਵੱਲੋਂ ਦਿਖਾਏ ਗਏ ਸਮਰਪਣ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ। ਜਿਸ ਸਦਕਾ ਜ਼ਿਲ੍ਹੇ ਵਿਚ ਪਹਿਲੇ ਪੜਾਅ-ਮਕਾਨ ਸੂਚੀਕਰਨ ਅਤੇ ਮਕਾਨ ਜਨਗਣਨਾ ਦੇ ਕੰਮਾਂ ਨੂੰ ਸਫਲਤਾਪੂਰਵਕ ਅਤੇ ਸਮੇਂ ਸਿਰ ਮੁਕੰਮਲ ਕੀਤਾ।
ਪਹਿਲਾਂ ਤੋਂ ਯੋਜਨਾਬੰਦੀ ਅਤੇ ਵਿਭਾਗਾਂ ਵਿਚਾਲੇ ਤਾਲਮੇਲ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ, ਡਾਇਰੈਕਟਰ ਨੇ ਹਦਾਇਤ ਕੀਤੀ ਕਿ ਜਨਗਣਨਾ 2027 ਨਾਲ ਸਬੰਧਿਤ ਸਾਰੀਆਂ ਬਕਾਇਆ ਸਰਗਰਮੀਆਂ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਸਖ਼ਤੀ ਨਾਲ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਡਾਇਰੈਕਟਰ ਨੇ ਪ੍ਰਮੁੱਖ ਜਨਗਣਨਾ ਅਫ਼ਸਰਾਂ ਅਤੇ ਹੋਰ ਜਨਗਣਨਾ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਲੋੜੀਂਦੇ ਪ੍ਰਬੰਧਕੀ ਅਤੇ ਲੌਜਿਸਟਿਕ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਜਨਸੰਖਿਆ ਗਿਣਤੀ ਦੇ ਸੁਚਾਰੂ, ਕੁਸ਼ਲ ਅਤੇ ਪ੍ਰਭਾਵਸ਼ਾਲੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਰਹਿਣ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਅਤੇ ਜਨਗਣਨਾ ਨਾਲ ਸਬੰਧਿਤ ਸਾਰੀਆਂ ਸਰਗਰਮੀਆਂ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਭਾਰਤ ਦੇ ਦਫ਼ਤਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਮੁਕੰਮਲ ਕਰਵਾਈਆਂ ਜਾਣਗੀਆਂ। ਜਨਗਣਨਾ 2027 ਦੇ ਦੂਜੇ ਪੜਾਅ ਦੇ ਸਮੇਂ ਸਿਰ ਅਤੇ ਸੁਚਾਰੂ ਸੰਚਾਲਨ ਲਈ ਵਿਸਥਾਰਤ ਰੂਪ-ਰੇਖਾ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਜਨਗਣਨਾ ਹੈਂਡਬੁੱਕ (4382) ਦੀ ਤਿਆਰੀ ਦੀ ਸਥਿਤੀ ਦੀ ਸਮੀਖਿਆ ਕਰਦਿਆਂ, ਡਾਇਰੈਕਟਰ ਨੇ ਸਾਰੇ ਚਾਰਜ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਪਿੰਡ ਡਾਇਰੈਕਟਰੀ ਅਤੇ ਕਸਬਾ ਡਾਇਰੈਕਟਰੀ ਡਾਟਾ ਦੇ ਸੰਕਲਨ ਅਤੇ ਜਾਂਚ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਨੂੰ ਨਿਰਧਾਰਤ ਆਖ਼ਰੀ ਮਿਤੀ 08.09.2026 ਤੋਂ ਪਹਿਲਾਂ ਹਰ ਪੱਖੋਂ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਮੀਟਿੰਗ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਈ।