- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰਿਸ਼ ਕਾਰਨ ਨਵਾਂਸ਼ਹਿਰੀਏ ਖੁਸ਼, ਕਿਸਾਨ, ਮਜ਼ਦੂਰ, ਦਿਹਾੜੀਦਾਰ ਪਰੇਸ਼ਾਨ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਸਵੇਰ ਤੋਂ ਹੀ ਛਾਏ ਕਾਲੇ ਬੱਦਲਾਂ ਅਤੇ ਹੋਈ ਬਾਰਿਸ਼ ਕਾਰਨ ਜਿਥੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਗਈ। ਉਥੇ ਸ਼ਹਿਰ ਦੇ ਨੀਵੇਂ ਇਲਾਕਿਆਂ ਅਤੇ ਖਸਤਾਹਾਲ ਸੜਕਾਂ, ਚੌਕਾਂ ਵਿਚ ਪਾਣੀ ਖੜਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਪਰੇਸ਼ਾਨੀ ਝੱਲਣੀ ਪਈ। ਇਲਾਕੇ ਵਿਚ ਸੀਵਰੇਜ ਜਾਮ ਰਹਿਣ ਕਾਰਨ ਵੀ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਲੋਕਾਂ ਨੇ ਇਲਾਕੇ ਵਿਚ ਬੰਦ ਪਏ ਸੀਵਰੇਜ ਅਤੇ ਓਵਰ ਫਲੋ ਹੋ ਰਹੇ ਸੀਵਰੇਜ ਨੂੰ ਠੀਕ ਕਰਨ ਦੀ ਮੰਗ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਫ਼ਸਰਾਂ ਤੋਂ ਕੀਤੀ ਹੈ। ਜਦਕਿ ਬਾਰਿਸ਼ ਕਾਰਨ ਰੇਹੜੀ, ਫੜੀ ਵਾਲਿਆਂ ਅਤੇ ਸਬਜੀ ਵੇਚਣ ਵਾਲਿਆਂ ਨੂੰ ਅਤੇ ਸਬਜ਼ੀ ਦੀ ਖਰੀਦ ਕਰਨ ਆਏ ਲੋਕਾਂ ਨੂੰ ਵੀ ਪਰੇਸ਼ਾਨੀ ਝੱਲਣੀ ਪਈ। ਇਸੇ ਤਰ੍ਹਾਂ ਰਿਕਸ਼ਾ ਚਾਲਕ, ਸੰਡੇ ਬਾਜ਼ਾਰ ਲਗਾਉਣ ਵਾਲੇ ਲੋਕ ਵੀ ਪਰੇਸ਼ਾਨੀ 'ਚ ਦਿੱਸੇ।
- ਬਾਰਿਸ਼ ਕਾਰਨ ਬਿਮਾਰੀਆਂ ਤੋਂ ਮਿਲੇਗੀ ਨਿਜਾਦ
ਇਲਾਕੇ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਝੋਨੇ ਦੀ ਕਟਾਈ ਕਾਰਨ ਉੜ ਰਹੀ ਧੂੜ ਮਿਟੀ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਹੋ ਰਹੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ। ਇਲਾਕੇ ਦੇ ਲੋਕਾਂ ਰਾਜ ਕੁਮਾਰ, ਪਰਮਵੀਰ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਹੁਸਿਆਰਪੁਰ 'ਚ ਪਏ ਗੜ੍ਹੇਮਾਰੀ ਤੋਂ ਬਾਅਦ ਮੌਸਮ 'ਚ ਬਦਲਾਅ ਸ਼ੁਰੂ ਹੋ ਗਿਆ ਸੀ। ਭਾਵੇਂ ਮੌਸਮ ਮਾਹਿਰਾਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਮੀਂਹ ਦੀ ਭਵਿੱਖ ਵਾਣੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਲੋਕ ਬਾਰਿਸ਼ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ। ਤਾਂ ਜੋ ਬਾਰਿਸ਼ ਨਾਲ ਖੇਤਾਂ ਵਿਚ ਝੋਨੇ ਦੀ ਕਟਾਈ ਅਤੇ ਖੇਤਾਂ 'ਚ ਪਰਾਲੀ ਦੀਆਂ ਗੰਢਾਂ ਬਣਾਉਣ ਦੇ ਕੰਮ ਅਤੇ ਚੋਰੀ ਛਿੱਪੇ ਲਗਾਈ ਜਾ ਰਹੀ ਪਰਾਲੀ ਨੂੰ ਅੱਗ ਅਤੇ ਮੰਡੀ ਵਿਚੋਂ ਝੋਨੇ ਦੀ ਸਫਾਈ ਦੌਰਾਨ ਉੜ ਰਹੀ ਧੂੜ ਮਿਟੀ ਕਾਰਨ ਲੋਕ ਬਿਮਾਰ ਹੋ ਰਹੇ ਸਨ। ਜਦਕਿ ਬਾਰਿਸ਼ ਕਾਰਨ ਲੋਕਾਂ ਵਿਚ ਸਾਹ ਦੀਆਂ ਬਿਮਾਰੀਆਂ ਸਮੇਤ ਨਜਲਾ, ਜੁਕਾਮ, ਬੁਖਾਰ ਆਦਿ ਤੋਂ ਰਾਹਤ ਮਿਲ ਸਕੇ। ਇਸ ਕਾਰਨ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
- ਝੋਨੇ, ਮਟਰ, ਆਲੂ, ਕਮਾਦ ਦੀ ਕਾਸ਼ਤ ਕਰਨ ਵਾਲੇ ਕਿਸਾਨ ਚਿੰਤਤ
ਉਧਰ ਜ਼ਿਲ੍ਹੇ 'ਚ ਖੇਤਾਂ ਵਿਚ ਝੋਨਾ, ਮਟਰ, ਆਲੂ, ਹਰਾ ਚਾਰਾ ਸਮੇਤ ਹੋਰਨਾਂ ਫਸਲਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ। ਕਿਸਾਨ ਸੋਹਣ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਹਰ ਵਾਰ ਇੰਝ ਹੀ ਹੁੰਦਾ ਹੈ। ਜਦੋਂ ਕਿਸਾਨਾਂ ਵੱਲੋਂ ਖੂਨ ਪਸੀਨੇ ਨਾਲ ਪਾਲੀ ਆਪਣੀ ਫਸਲ ਨੂੰ ਵੱਢਣ ਦੀ ਵਾਰੀ ਆਉਂਦੀ ਹੈ ਤਾਂ ਪਰਮਾਤਮਾ ਵੱਲੋਂ ਮੀਂਹ ਦਾ ਕਹਿਰ ਜਾਂ ਮੌਸਮ ਵਿਚ ਤਬਦੀਲੀ ਕਰਕੇ ਫਸਲਾਂ ਨੂੰ ਖਰਾਬ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਰ 10 ਦਿਨ ਉਨ੍ਹਾਂ ਨੂੰ ਮਿਲ ਜਾਂਦੇ ਤਾਂ ਕਾਫੀ ਹੱਦ ਤੱਕ ਝੋਨੇ ਦੀ ਕਟਾਈ ਅਤੇ ਸਾਂਭ ਸੰਭਾਲ ਦਾ ਕੰਮ ਮੁਕੰਮਲ ਹੋ ਜਾਣਾ ਸੀ। ਇਸੇ ਤਰ੍ਹਾਂ ਮਟਰ ਦੀ ਬਿਜਾਈ ਕਰਨ ਅਤੇ ਆਲੂ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਾਈ ਤੋਂ ਉਪਰੰਤ ਮੀਂਹ ਕਾਰਨ ਫਸਲ ਦਾ ਵਿਕਾਸ ਰੁਕ ਜਾਂਦਾ ਹੈ। ਜਿਸ ਕਾਰਨ ਉਹ ਵੀ ਕਾਫੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ 'ਚ ਉਨ੍ਹਾਂ ਨੂੰ ਬਾਰਿਸ਼ ਦੀ ਮਾਰ ਕਾਰਨ ਖੇਤਾਂ ਵਿਚ ਹੀ ਮਟਰਾਂ ਦੀ ਫਸਲ ਨੂੰ ਨਸ਼ਟ ਕਰਕੇ ਦੋਬਾਰਾ ਬਿਜਾਈ ਕਰਨੀ ਪੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਫਸਲਾਂ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਲਈ ਵੀ ਸਮੇਂ ਰਹਿੰਦੇ ਯੋਗ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਸਮੇਂ ਸਿਰ ਭਰਪਾਈ ਹੋ ਸਕੇ। ਉਧਰ ਨਵਾਂਸ਼ਹਿਰ, ਬੰਗਾ, ਬਲਾਚੌਰ, ਕਾਠਗੜ੍ਹ ਸਮੇਤ ਹੋਰਨਾਂ ਮੰਡੀਆਂ ਵਿਚ ਝੋਨੇ ਦੀ ਆਮਦ ਘੱਟ ਹੋਣ ਕਾਰਨ ਹਾਲੇ ਮੰਡੀਆਂ ਵਿਚ ਹੋਣ ਵਾਲਾ ਨੁਕਸਾਨ ਘੱਟ ਹੀ ਨਜ਼ਰ ਆ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹੇ ਹਾਲ ਰਿਹਾ ਤਾਂ ਡਿੱਗਿਆ ਹੋਇਆ ਝੋਨਾ ਕਾਲਾ ਫਿਰਨ ਕਾਰਨ ਉਨ੍ਹਾਂ ਨੂੰ ਮੰਡੀਆਂ ਵਿਚ ਵੇਚਣ ਵਿਚ ਵੀ ਪਰੇਸ਼ਾਨੀ ਹੋ ਸਕਦੀ ਹੈ। ਕਿਸਾਨਾਂ ਨੇ ਦੱਸਿਆ ਕਿ ਮੀਂਹ ਤੋਂ ਬਾਅਦ ਚਲੀ ਹਵਾ ਕਾਰਨ ਖੇਤਾਂ ਵਿਚ ਖੜਾ ਝੋਨਾ, ਕਮਾਦ ਅਤੇ ਪੱਠਿਆਂ ਦੀ ਫਸਲ ਵੀ ਵਿੱਛ ਗਈ ਹੈ। ਨਵੀਆਂ ਬੀਜੀਆਂ ਸਬਜ਼ੀਆਂ ਦੀਆਂ ਫਸਲਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਇਸ ਵਾਰ ਉਹ ਸੋਚਦੇ ਸਨ ਕਿ ਹੜ੍ਹ ਦਾ ਸਮਾਂ ਲੰਘ ਗਿਆ ਹੈ ਪਰ ਹੁਣ ਜਦੋਂ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋਈ ਹੈ ਤਾਂ ਬਰਸਾਤ ਨਾਲ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਉਧਰ ਖਬਰ ਲਿਖਣ ਤੱਕ ਅਸਮਾਨ ਵਿਚ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਹਨ ਅਤੇ ਕਿਣ ਮਿਣ ਰੂਕੀ ਹੋਈ ਸੀ।
- ਮਜ਼ਦੂਰਾਂ ਦੀਆਂ ਚਿੰਤਾਵਾਂ ਵਧੀਆਂ
ਦਾਣਾ ਮੰਡੀ ਵਿਚ ਝੋਨੇ ਨੂੰ ਤਿਰਪਾਲਾਂ ਨਾਲ ਢੱਕ ਰਹੇ ਮਜ਼ਦੂਰਾਂ ਹਰੀ ਰਾਮ, ਸੁਭਾਸ਼, ਰਾਮ ਕੁਮਾਰ, ਸੋਢੀ ਰਾਮ, ਅਮਰੀਕ ਨੇ ਦੱਸਿਆ ਕਿ ਬਾਰਿਸ਼ ਕਾਰਨ ਝੋਨੇ ਦੀ ਕਟਾਈ ਦਾ ਕੰਮ ਪ੍ਰਭਾਵਿਤ ਹੋਵੇਗਾ। ਜਿਸ ਕਾਰਨ ਅਗਲੇ ਕੁੱਝ ਦਿਨ ਤੱਕ ਮੰਡੀਆਂ ਵਿਚ ਝੋਨਾ ਨਾ ਆਉਣ ਕਾਰਨ ਕੰਮਕਾਰ ਠੱਪ ਰਹਿਣ ਕਾਰਨ ਖਰੀਦ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਜ਼ਦੂਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਤਾਂ ਜੋ ਮੰਦੀ ਦੇ ਦੌਰ 'ਚ ਉਹ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਸੁਖਾਲਾ ਚਲਾ ਸਕਣ।
- ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਕੁੱਲ 51,390 ਮੀਟ੍ਰਿਕ ਟਨ ਝੋਨਾ ਪਹੁੰਚਿਆ
ਸੂਤਰਾਂ ਤੋਂ ਮਿਲ ਜਾਣਕਾਰੀ ਅਨੁਸਾਰ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿਚ ਕੁੱਲ 51,390 ਮੀਟ੍ਰਿਕ ਟਨ ਝੋਨਾ ਪਹੁੰਚਿਆ ਹੈ। ਖਰੀਦ ਅਤੇ ਭੁਗਤਾਨ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਹੁਣ ਤੱਕ 51,250 ਮੀਟ੍ਰਿਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ 2,461 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 2,466 ਪ੍ਰਤੀ ਕੁਇੰਟਲ ਦੀ ਦਰ ਨਾਲ ਭੁਗਤਾਨ ਕੀਤਾ ਜਾ ਰਿਹਾ ਹੈ।। ਖਰੀਦ ਅਤੇ ਭੁਗਤਾਨ ਦੇ ਮੋਰਚੇ ਤੇ ਸਥਿਤੀ ਤਸੱਲੀਬਖਸ਼ ਹੈ, ਪਰ ਲਿਫਟਿੰਗ ਦੀ ਹੌਲੀ ਰਫ਼ਤਾਰ, ਜੋ ਕਿ ਸਿਰਫ ਚਾਰ ਪ੍ਰਤੀਸ਼ਤ ਹੈ ਜਿਸ ਨੇ ਸਰਕਾਰੀ ਕਾਰਗੁਜਾਰੀ ਨੂੰ ਬੇਨਕਾਬ ਕਰ ਦਿੱਤਾ ਹੈ। ਹਾਲੇ ਤੱਕ ਕੁੱਲ ਖਰੀਦੀ ਗਈ ਫਸਲ ਵਿੱਚੋਂ, ਪ੍ਰਸ਼ਾਸਨ ਸਿਰਫ 2,010 ਮੀਟ੍ਰਿਕ ਟਨ ਝੋਨਾ ਹੀ ਚੁੱਕਿਆ ਹੈ। ਲਿਫਟਿੰਗ ਦੀ ਇਸ ਘਾਟ ਕਾਰਨ, ਮੰਡੀਆਂ ਵਿੱਚ ਝੋਨੇ ਦੀਆਂ ਬੋਰੀਆਂ ਦੀ ਗਿਣਤੀ ਵੱਧ ਰਹੀ ਹੈ।। ਅਜਿਹੀ ਸਥਿਤੀ ਵਿਚ ਨਵਾਂ ਝੋਨਾ ਆਉਣ ਤੇ ਨਾ ਸਿਰਫ਼ ਜਗ੍ਹਾ ਦੀ ਕਮੀ ਹੋਵੇਗੀ, ਸਗੋਂ ਇਸ ਨੂੰ ਮੀਂਹ ਤੋਂ ਬਚਾਉਣਾ ਵੀ ਇੱਕ ਵੱਡੀ ਚੁਣੌਤੀ ਬਣ ਜਾਵੇਗਾ।
- ਪਿਛਲੇ ਸਾਲ ਦੇ ਮੁਕਾਬਲੇ ਘੱਟ ਆਮਦ ਪੱਧਰ
ਇਸ ਸਾਲ ਮੰਡੀਆਂ ਵਿੱਚ ਝੋਨੇ ਦੀ ਆਮਦ ਦਾ ਪੱਧਰ ਪਿਛਲੇ ਸਾਲ ਨਾਲੋਂ ਕਾਫ਼ੀ ਘੱਟ ਹੈ। ਪਿਛਲੇ ਸਾਲ, ਇਸ ਸਮੇਂ ਤੱਕ, ਜ਼ਿਲ੍ਹੇ ਵਿੱਚ 295,637 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਇਸ ਦੇ ਮੁਕਾਬਲੇ, ਇਸ ਵਾਰ ਖਰੀਦ ਵਿੱਚ 82 ਪ੍ਰਤੀਸ਼ਤ ਦੀ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਹੈ। ਪ੍ਰਸ਼ਾਸਨ ਨੂੰ ਖਸਤਾ ਹਾਲਤ ਸੜਕਾਂ ਦੀ ਮੁਰੰਮਤ ਕਰਨੀ ਪਵੇਗੀ ਅਤੇ ਲਿਫਟਿੰਗ ਪ੍ਰਕਿਰਿਆ ਨੂੰ ਤੁਰੰਤ ਤੇਜ਼ ਕਰਨਾ ਪਵੇਗਾ। ਤਾਂ ਜੋ ਖਰੀਦ ਅਤੇ ਮੰਡੀਆਂ ਵਿੱਚ ਆਮਦ ਦਾ ਚੱਕਰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ।