
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਝੰਡੂਪੁਰ ਤੇ ਬੂਥਗੜ੍ਹ ਵਾਸੀ ਬਿਜਲੀ ਸਪਲਾਈ ਦੀ ਸਮੱਸਿਆ ਤੋਂ ਪ੍ਰੇਸ਼ਾਨ

- ਲੰਬੇ ਸਮੇਂ ਤੋਂ ਤਿਆਰ ਬਿਜਲੀ ਲਾਈਨ ਨੂੰ ਕੁਨੈਕਸ਼ਨ ਨਾ ਮਿਲਣ ਕਾਰਨ ਲੋਕਾਂ ’ਚ ਰੋਸ
ਹਰਦੀਪ ਚੌਧਰੀ, ਪੰਜਾਬੀ ਜਾਗਰਣ
ਪੋਜੇਵਾਲ ਸਰਾਂ : ਬਲਾਕ ਸੜੋਆ ਦੇ ਪਿੰਡ ਝੰਡੂਪੁਰ ਅਤੇ ਬੂਥਗੜ੍ਹ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਸਪਲਾਈ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਨੂੰ ਬਿਜਲੀ ਸਪਲਾਈ ਪਿੰਡ ਕਟਵਾਰਾ ਅਤੇ ਚੂਹੜਪੁਰ ਵੱਲੋਂ ਮਿਲਦੀ ਹੈ। ਮੌਸਮ ਖ਼ਰਾਬ ਹੋਣ ਜਾਂ ਥੋੜ੍ਹੀ ਜਿਹੀ ਹਨੇਰੀ ਆਉਣ ’ਤੇ ਅਕਸਰ ਬਿਜਲੀ ਸਪਲਾਈ ਲੰਬੇ ਸਮੇਂ ਲਈ ਬੰਦ ਹੋ ਜਾਂਦੀ ਹੈ। ਹਨੇਰੀ ਕਾਰਨ ਤਾਰਾਂ ’ਤੇ ਦਰੱਖ਼ਤਾਂ ਦੀਆਂ ਟਾਹਣੀਆਂ ਡਿੱਗਣ ਨਾਲ ਨੁਕਸ ਪੈ ਜਾਂਦੇ ਹਨ, ਜਿਸ ਕਾਰਨ ਸਪਲਾਈ ਬਹਾਲ ਹੋਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਪਿੰਡ ਵਾਸੀਆਂ ਅਨੁਸਾਰ ਬਿਜਲੀ ਵਿਭਾਗ ਵੱਲੋਂ ਕਰੀਬ 7-8 ਮਹੀਨੇ ਪਹਿਲਾਂ ਸਿੰਘਪੁਰ ਵਾਲੇ ਪਾਸੇ ਤੋਂ ਸੜਕ ਦੇ ਕਿਨਾਰੇ ਬਿਜਲੀ ਦੇ ਖੰਭੇ ਖੜ੍ਹੇ ਕਰ ਕੇ ਨਵੀਆਂ ਤਾਰਾਂ ਵੀ ਪਾ ਦਿੱਤੀਆਂ ਗਈਆਂ ਸਨ, ਪਰ ਇਨ੍ਹਾਂ ਤਾਰਾਂ ਨੂੰ ਅਜੇ ਤੱਕ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ ਗਿਆ। ਇਸ ਕਾਰਨ ਪਿੰਡਾਂ ਵਿਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਫੋਨ ’ਤੇ ਸੰਪਰਕ ਕਰ ਕੇ ਨਵੀਂ ਲਾਈਨ ਨੂੰ ਚਾਲੂ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਭਾਗ ਨਾਲ ਸਬੰਧਿਤ ਠੇਕੇਦਾਰ ਵੱਲੋਂ ਇੱਕ-ਦੋ ਦਿਨ ਕੰਮ ਕਰਨ ਤੋਂ ਬਾਅਦ ਮੁੜ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ। ਜਦੋਂ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਅਕਸਰ ਇਹੀ ਜਵਾਬ ਮਿਲਦਾ ਹੈ ਕਿ ਠੇਕੇਦਾਰ ਨਾਲ ਗੱਲ ਹੋ ਗਈ ਹੈ ਅਤੇ ਦੋ-ਚਾਰ ਦਿਨਾਂ ਵਿਚ ਕੰਮ ਸ਼ੁਰੂ ਕਰਵਾ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।
ਲਗਾਤਾਰ ਟਾਲ-ਮਟੋਲ ਕਾਰਨ ਪਿੰਡ ਵਾਸੀਆਂ ਵਿਚ ਬਿਜਲੀ ਵਿਭਾਗ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੁਝ ਦਿਨਾਂ ਦੇ ਅੰਦਰ ਲੰਬੇ ਸਮੇਂ ਤੋਂ ਲਟਕ ਰਹੀ ਨਵੀਂ ਬਿਜਲੀ ਲਾਈਨ ਦਾ ਕੁਨੈਕਸ਼ਨ ਚਾਲੂ ਨਾ ਕੀਤਾ ਗਿਆ ਤਾਂ ਉਹ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਫੀਡਰ ਗੜ੍ਹਸ਼ੰਕਰ ਦੇ ਐਕਸੀਅਨ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਵੱਲੋਂ ਵੀ ਇਹੀ ਭਰੋਸਾ ਦਿੱਤਾ ਜਾਂਦਾ ਹੈ ਕਿ ਠੇਕੇਦਾਰ ਨੂੰ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ ਅਤੇ ਜਲਦੀ ਹੀ ਨਵੀਂ ਲਾਈਨ ਚਾਲੂ ਕਰ ਕੇ ਬਿਜਲੀ ਸਪਲਾਈ ਵਿਚ ਸੁਧਾਰ ਕੀਤਾ ਜਾਵੇਗਾ। ਪਿੰਡ ਝੰਡੂਪੁਰ ਅਤੇ ਬੂਥਗੜ੍ਹ ਦੇ ਵਸਨੀਕਾਂ ਨੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਿਛਲੇ ਕਈ ਮਹੀਨਿਆਂ ਤੋਂ ਤਿਆਰ ਖੜ੍ਹੀ ਬਿਜਲੀ ਲਾਈਨ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਵਾਰ-ਵਾਰ ਬਿਜਲੀ ਸਪਲਾਈ ਬੰਦ ਹੋਣ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।