ਕੈਂਸਰ ਦਵਾਈਆਂ ਦੀਆਂ ਕੀਮਤਾਂ ’ਚ ਕਟੌਤੀ ਕੇਂਦਰ ਦਾ ਚੰਗਾ ਫ਼ੈਸਲਾ : ਲੱਕੀ ਕੈਂਸਰ ਦਵਾਈਆਂ ਦੀਆਂ ਕੀਮਤਾਂ ਵਿਚ ਕਟੌਤੀ ਮੋਦੀ ਸਰਕਾਰ ਦਾ ਚੰਗਾ ਫ਼ੈਸਲਾ-ਲੱਕੀ
Publish Date: Fri, 13 Nov 2026 04:00 PM (IST)
Updated Date: Fri, 13 Nov 2026 04:03 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕੇਂਦਰ ਸਰਕਾਰ ਵੱਲੋਂ ਕੈਂਸਰ ਦੀਆਂ 1,364 ਦਵਾਈਆਂ ਦੀਆਂ ਕੀਮਤਾਂ ਵਿਚ ਕੀਤੀ ਗਈ ਕਟੌਤੀ ਦਾ ਸਵਾਗਤ ਕਰਦਿਆਂ ਇਸ ਨੂੰ ਕੈਂਸਰ ਪੀੜਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਆਰਥਿਕ ਰਾਹਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਨ ਅਥਾਰਟੀ (ਐੱਨਪੀਪੀਏ) ਵੱਲੋਂ 137 ਕੈਂਸਰ-ਰੋਧੀ ਦਵਾਈਆਂ ਨਾਲ ਸੰਬੰਧਤ 1,364 ਫਾਰਮੂਲੇਸ਼ਨਾਂ ਦੀਆਂ ਕੀਮਤਾਂ ਵਿਚ ਕਟੌਤੀ ਲਾਗੂ ਕੀਤੀ ਗਈ ਹੈ। 679 ਬ੍ਰਾਂਡਾਂ ਦੀਆਂ ਕੀਮਤਾਂ ਵਿਚ 50 ਫ਼ੀਸਦੀ ਤੋਂ ਵੱਧ ਕਮੀ ਕੀਤੀ ਗਈ ਹੈ, ਜਦਕਿ ਸਭ ਤੋਂ ਵੱਧ ਕਟੌਤੀ 96.45 ਫ਼ੀਸਦੀ ਦਰਜ ਕੀਤੀ ਗਈ ਹੈ। ਇਸ ਫ਼ੈਸਲੇ ਨਾਲ ਦੇਸ਼ ਦੇ ਖਪਤਕਾਰਾਂ ਨੂੰ ਸਲਾਨਾ ਲਗਭਗ 3,540.38 ਕਰੋੜ ਰੁਪਏ ਦੀ ਬਚਤ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਇਲਾਜ ਪਰਿਵਾਰਾਂ ਲਈ ਵੱਡੀ ਆਰਥਿਕ ਚੁਣੌਤੀ ਹੁੰਦਾ ਹੈ। ਦਵਾਈਆਂ ਸਸਤੀਆਂ ਹੋਣ ਨਾਲ ਮਰੀਜ਼ਾਂ ਨੂੰ ਇਲਾਜ ਜਾਰੀ ਰੱਖਣ ਵਿਚ ਮੱਦਦ ਮਿਲੇਗੀ। ਇਹ ਫ਼ੈਸਲਾ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਲਈ ਨਾਗਰਿਕਾਂ ਦੀ ਸਿਹਤ, ਸਹੂਲਤ ਅਤੇ ਆਰਥਿਕ ਰਾਹਤ ਸਭ ਤੋਂ ਮਹੱਤਵ ਪੂਰਨ ਹਨ।