ਦਿਮਾਗੀ ਦੌਰੇ ਦੇ ਲੱਛਣ ਪਛਾਣ ਕੇ ਮਰੀਜ਼ ਨੂੰ ਜਲਦ ਹਸਪਤਾਲ ਪਹੁੰਚਾਓ : ਡਾ. ਬਸਰਾ ਦਿਮਾਗੀ ਦੌਰੇ ਦੇ ਲੱਛਣ ਪਛਾਣ ਕੇ ਮਰੀਜ਼ ਨੂੰ ਜਲਦ ਹਸਪਤਾਲ ਪਹੁੰਚਾਓ-ਐੱਸਐਮਓ ਡਾ. ਅਜੈ ਬਸਰਾ
Publish Date: Sat, 31 Oct 2026 03:46 PM (IST)
Updated Date: Sat, 31 Oct 2026 03:49 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਵਿਸ਼ਵ ਸਟ੍ਰੋਕ ਦਿਵਸ ਦੇ ਸੰਦਰਭ ਵਿਚ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐੱਸਐਮਓ ਡਾ. ਅਜੈ ਬਸਰਾ ਨੇ ਦੱਸਿਆ ਕਿ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਤੱਕ ਆਕਸੀਜਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ ਦੀ ਕੋਈ ਨਾੜੀ ਫਟ ਜਾਂਦੀ ਹੈ। ਇਸ ਨਾਲ ਦਿਮਾਗ ਦੇ ਸੈੱਲ ਤੇਜ਼ੀ ਨਾਲ ਨਸ਼ਟ ਹੋਣ ਲੱਗਦੇ ਹਨ, ਜਿਸ ਕਾਰਨ ਮਰੀਜ਼ ਨੂੰ ਲਕਵਾ, ਬੋਲਣ ਵਿਚ ਦਿੱਕਤ ਜਾਂ ਉਮਰ ਭਰ ਦੀ ਅਪੰਗਤਾ ਹੋ ਸਕਦੀ ਹੈ। ਉਨ੍ਹਾਂ ਦਿਮਾਗੀ ਦੌਰੇ (ਸਟ੍ਰੋਕ) ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਅਤੇ ਤੁਰੰਤ ਇਲਾਜ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਟ੍ਰੋਕ ਦੇ ਲੱਛਣ ਦਿਖਾਈ ਦੇਣ ਤੇ ਬਿਲਕੁਲ ਵੀ ਦੇਰੀ ਨਾ ਕੀਤੀ ਜਾਵੇ ਅਤੇ ਮਰੀਜ਼ ਨੂੰ ਤੁਰੰਤ ਐਮਰਜੈਂਸੀ ਸਿਹਤ ਸਹੂਲਤ ਵਾਲੇ ਹਸਪਤਾਲ ਪਹੁੰਚਾਇਆ ਜਾਵੇ। ਸਟ੍ਰੋਕ ਇੱਕ ਗੰਭੀਰ ਮੈਡੀਕਲ ਐਮਰਜੈਂਸੀ ਹੈ, ਜਿਸ ਵਿਚ ਦਿਮਾਗ ਦੇ ਕਿਸੇ ਹਿੱਸੇ ਤੱਕ ਖ਼ੂਨ ਦੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ ਜਾਂ ਦਿਮਾਗ ਵਿਚ ਖ਼ੂਨ ਵਗਣ ਲੱਗ ਪੈਂਦਾ ਹੈ। ਸਮੇਂ ਸਿਰ ਇਲਾਜ ਨਾਲ ਮਰੀਜ਼ ਦੀ ਜਾਨ ਬਚਾਉਣ ਅਤੇ ਲੰਬੇ ਸਮੇਂ ਲਈ ਹੋਣ ਵਾਲੀ ਅਪੰਗਤਾ ਦੇ ਖ਼ਤਰੇ ਨੂੰ ਘਟਾਉਣ ਵਿਚ ਮੱਦਦ ਮਿਲ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਸਟ੍ਰੋਕ ਦੇ ਮੁੱਖ ਲੱਛਣਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅਚਾਨਕ ਚਿਹਰਾ ਟੇਢਾ ਹੋ ਜਾਣਾ, ਸਰੀਰ ਦੇ ਇੱਕ ਪਾਸੇ ਬਾਂਹ ਜਾਂ ਲੱਤ ਵਿਚ ਕਮਜ਼ੋਰੀ ਜਾਂ ਸੁੰਨਪਣ ਮਹਿਸੂਸ ਹੋਣਾ, ਬੋਲਣ ਵਿਚ ਮੁਸ਼ਕਿਲ ਆਉਣਾ ਜਾਂ ਦੂਜਿਆਂ ਦੀ ਗੱਲ ਸਮਝਣ ਵਿਚ ਦਿੱਕਤ ਹੋਣਾ ਸਟ੍ਰੋਕ ਦੇ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਅਚਾਨਕ ਨਜ਼ਰ ਘਟਣਾ, ਸੰਤੁਲਨ ਵਿਗੜਨਾ ਜਾਂ ਬਹੁਤ ਤੇਜ਼ ਸਿਰਦਰਦ ਹੋਣਾ ਵੀ ਗੰਭੀਰ ਸੰਕੇਤ ਹੋ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵਿਚ ਸਟ੍ਰੋਕ ਦੇ ਲੱਛਣ ਦਿਖਾਈ ਦੇਣ। ਤਾਂ ਤੁਰੰਤ ਐਂਬੂਲੈਂਸ ਸੇਵਾ 108 ਜਾਂ ਸਥਾਨਕ ਐਮਰਜੈਂਸੀ ਸੇਵਾ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਤੰਬਾਕੂ ਅਤੇ ਸ਼ਰਾਬ ਦਾ ਸੇਵਨ, ਮੋਟਾਪਾ ਅਤੇ ਕਸਰਤ ਦੀ ਘਾਟ ਸਟ੍ਰੋਕ ਦੇ ਮੁੱਖ ਕਾਰਨ ਹਨ।ਸਮੇਂ ਸਿਰ ਪਛਾਣ ਅਤੇ ਇਲਾਜ ਨਾਲ ਮਰੀਜ਼ ਦੀ ਜਾਨ ਅਤੇ ਸਰੀਰਕ ਸਮਰੱਥਾ ਦੋਵੇਂ ਬਚਾਈਆਂ ਜਾ ਸਕਦੀਆਂ ਹਨ।