ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਵਿਵਾਦ ’ਤੇ ਲੱਗਿਆ ਵਿਰਾਮ
ਰਸੋਖਾਨਾ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਵਿਵਾਦ ਤੇ ਲੱਗਿਆ ਵਿਰਾਮ-ਪ੍ਰਬੰਧਕ ਕਮੇਟੀ
Publish Date: Tue, 20 Jan 2026 06:45 PM (IST)
Updated Date: Wed, 21 Jan 2026 04:13 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਪ੍ਰਬੰਧਕ ਕਮੇਟੀ ਰਸੋਖਾਨਾ ਮਜਾਰਾ ਰਾਜਾ ਸਾਹਿਬ ਵੱਲੋਂ ਇਕ ਪੱਤਰਕਾਰ ਵਾਰਤਾ ਦੌਰਾਨ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਪਿੰਡ ਮਜਾਰਾ ਨੌਂ ਅਬਾਦ ਵਿਖੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਚੱਲ ਰਹੇ ਵਿਵਾਦ ਨੂੰ ਵਿਰਾਮ ਲਗ ਗਿਆ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਇੱਕ ਜਰੀਆ ਬਣੇ, ਸਾਨੂੰ ਸਾਰੇ ਭੁੱਲੇ ਭਟਕਿਆਂ ਨੂੰ ਪਰਮਾਤਮਾ ਦੀ ਬੰਦਗੀ ਦੇ ਰਾਸਤੇ ਤੋਂ ਟੁੱਟੇ ਨੂੰ ਫਲਸਫਾ ਸਿਖਾ ਕੇ ਗੁਰਮਤਿ ਦੇ ਧਾਰਨੀ ਬਣਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਜੋੜਿਆ। ਇਸ ਕਰ ਕੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਸਾਡੇ ਲਈ ਬਹੁਤ ਸਤਿਕਾਰਯੋਗ ਹਨ। ਉਨ੍ਹਾਂ ਨੇ ਸਾਨੂੰ ਸੱਚ ਦਾ ਰਸਤਾ ਦਿਖਾਇਆ, ਸੱਚ ਤੋਂ ਵਾਕਫ ਕਰਾਇਆ। ਇਸ ਸਥਾਨ ਦੀ ਤਾਂ ਗੱਲ ਹੀ ਬਹੁਤ ਵੱਡੀ ਹੈ, ਵਰਤਾਰਾ ਬਹੁਤ ਵੱਡਾ ਹੈ, ਇਹ ਵਰਤਾਰਾ ਛੋਟਾ ਨਹੀਂ, ਜਿਸ ਦੀ ਸ਼ਬਦਾਂ ਵਿਚ ਵਿਆਖਿਆ ਨਹੀਂ ਕੀਤੀ ਜਾ ਸਕਦੀ। ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਤਾਂ ਸਾਨੂੰ ਦੀਨ ਦੁਨੀ ਦੇ ਮਾਲਕ, ਲੋਕ ਪਰਲੋਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਦਿੱਤਾ, ਸੱਚ ਦਾ ਖਜ਼ਾਨਾ ਸਾਡੀ ਝੋਲੀ ਪਾਇਆ। ਅਸੀਂ ਸਾਰੇ ਆਖਰੀ ਸਾਹ ਤੱਕ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸ਼ੁਕਰਗੁਜਾਰ ਹਾਂ ਅਤੇ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਅਤੇ ਕਰਦੇ ਰਹਾਂਗੇ, ਪਰ ਸਾਡੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ।ਕਿਹਾ ਕਿ ਪੰਥ ਨੂੰ ਹੋਰ ਬਹੁਤ ਵੱਡੀਆਂ ਚੁਣੌਤੀਆਂ ਨੇ, ਪੰਥ ਵਿਚ ਵੰਡੀਆਂ ਨਾ ਪਾਓ, ਪੰਥ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ, ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ। ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਦੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਜਿੱਥੇ ਮਨਮਤ ਹੁੰਦੀ ਸੀ ਪਰ ਪਾਤਸ਼ਾਹ ਨੇ ਉੱਥੇ ਜਾ ਕੇ ਜਦੋਂ ਗੁਰਮਤਿ ਦਾ ਸੰਦੇਸ਼ ਦਿੱਤਾ ਅਤੇ ਗੁਰਮਤਿ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਅਤੇ ਉਥੇ ਵੀ ਗੁਰਮਤਿ ਦਾ ਪਹਿਰਾ ਹੋ ਗਿਆ। ਅੱਜ ਵਾਂਗ ਆਪਾਂ ਨਾ ਕਰੀਏ, ਆਪਾਂ ਸਾਰਿਆਂ ਨੂੰ ਗਲਵੱਕੜੀ ਵਿਚ ਲਈਏ। ਉਨ੍ਹਾਂ ਐੱਸਜੀਪੀਸੀ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਪਾਲਣ ਕਰਨ ਲਈ ਪਹਿਲਾਂ ਵੀ ਤਿਆਰ ਸੀ, ਅੱਗੇ ਵੀ ਤਿਆਰ ਹਾਂ। ਬਾਕਸ-- ਪਿੰਡ ਮਜਾਰਾ ਨੌ ਅਬਾਦ ਵਿਖੇ ਸ਼ੁਕਰਾਨਾ ਸਮਾਗਮ 25 ਨੂੰ ਪ੍ਰਬੰਧਕਾਂ ਨੇ ਦੱਸਿਆ ਕਿ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਵਿਸ਼ੇਸ਼ ਤੌਰ ਤੇ ਇੱਕ ਸਮਾਗਮ ਉਲੀਕਿਆ ਹੈ। ਜਿਸ ਵਿਚ 23 ਜਨਵਰੀ ਦਿਨ ਸ਼ੁਕਰਵਾਰ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ। 25 ਜਨਵਰੀ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸ਼ੁਕਰਾਨਾ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿਚ ਵੱਖ-ਵੱਖ ਜਥੇ ਗੁਰਮਤਿ ਵਿਚਾਰਾਂ ਦੀ ਸਾਂਝ ਸਟੇਜ ਤੋਂ ਸੰਗਤਾਂ ਦੇ ਨਾਲ ਪਾਉਣਗੇ। ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਦੀਆਂ ਸੰਗਤਾਂ ਪੰਜਾਬ ਅਤੇ ਬਾਹਰੀ ਸੂਬਿਆਂ ਵਿਚ ਜਿੱਥੇ ਜਿੱਥੇ ਵੀ ਬੈਠੀਆਂ ਹਨ ਨੂੰ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖਣ, ਜਿਵੇਂ ਆਪਾਂ ਪਹਿਲਾਂ ਸ਼ਾਂਤੀ ਬਣਾਈ ਰੱਖੀ ਹੈ। ਅਨੁਸ਼ਾਸਨ ਬਣਾਈ ਰੱਖਣ, ਸ਼ਾਂਤੀ ਅਤੇ ਅਨੁਸ਼ਾਸਨ ਬਣਾਏ ਰੱਖਦੇ ਹੋਏ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚ ਕੇ ਆਪਣੀ ਸ਼ਰਧਾ ਤੇ ਅਕੀਦਤ ਭੇਂਟ ਕਰੀਏ। ਇਸ ਮੌਕੇ ਇੰਦਰਜੀਤ ਸਿੰਘ ਸਿਆਣ ਪ੍ਰਧਾਨ, ਅਮਰੀਕ ਸਿੰਘ ਬੱਲੋਵਾਲ ਮੱਖ ਬੁਲਾਰਾ, ਕੁਲਵੰਤ ਸਿੰਘ ਹੀਰ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ, ਜਸਬੀਰ ਸਿੰਘ, ਪਰਮਜੀਤ ਕੌਰ ਪ੍ਰਧਾਨ ਹਸਪਤਾਲ ਕਮੇਟੀ, ਗੁਰਦੀਪ ਸਿੰਘ ਬੱਬਾ, ਸੋਹਣ ਸਿੰਘ ਅਤੇ ਹੋਰ ਮੈਂਬਰਾਨ ਅਤੇ ਪਿੰਡ ਵਾਸੀ ਹਾਜ਼ਰ ਸਨ।