ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਮਨ ਕੁਮਾਰ ਮਾਨ ਨੇ ਅਹੁਦਾ ਸੰਭਾਲਿਆ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਮਨ ਕੁਮਾਰ ਮਾਨ ਨੇ ਅਹੁਦਾ ਸੰਭਾਲਿਆ
Publish Date: Fri, 07 Aug 2026 04:16 PM (IST)
Updated Date: Fri, 07 Aug 2026 04:17 PM (IST)
- ਕੂੜੇ ਦੇ ਡੰਪ ਹਟਾਉਣਾ ਤੇ ਸੀਵਰੇਜ-ਵਾਟਰ ਸਪਲਾਈ ਨੂੰ ਦਰੁਸਤ ਕਰਨਾ ਹੋਵੇਗਾ ਪਹਿਲਾ ਮਕਸਦ ਸੁਖਜਿੰਦਰ ਸਿੰਘ ਭੰਗਲ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਦੀ ਨਵੀਂ ਬਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਮਨ ਕੁਮਾਰ ਮਾਨ ਨੇ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਸਮੂਹ ਨਵਾਂਸ਼ਹਿਰ ਵਾਸੀਆਂ ਅਤੇ ਕੌਂਸਲਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਏਕੇ ਨਾਲ ਸ਼ਹਿਰ ਦੀ ਨੁਹਾਰ ਬਦਲਣ ਦਾ ਸੁਨੇਹਾ ਦਿੱਤਾ। ਅਹੁਦਾ ਸੰਭਾਲਣ ਦੀ ਖ਼ੁਸ਼ੀ ਵਿਚ ਸਾਬਕਾ ਵਿਧਾਇਕ ਅੰਗਦ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ, ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਸੁਮਨ ਲਾਲ ਅਤੇ ਹੋਰ ਪ੍ਰਮੁੱਖ ਆਗੂਆਂ ਤੇ ਕੌਂਸਲਰਾਂ ਵੱਲੋਂ ਰਮਨ ਕੁਮਾਰ ਮਾਨ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਰਮਨ ਕੁਮਾਰ ਮਾਨ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦਾ ਸਭ ਤੋਂ ਪਹਿਲਾ ਕੰਮ ਸ਼ਹਿਰ ਦੇ ਕੂੜੇ ਦੇ ਡੰਪਾਂ ਨੂੰ ਹਟਾਉਣਾ ਹੋਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਖ਼ਰਾਬ ਹੋ ਚੁੱਕੇ ਸੀਵਰੇਜ ਪ੍ਰਬੰਧ ਅਤੇ ਵਾਟਰ ਸਪਲਾਈ ਨੂੰ ਦਰੁਸਤ ਕਰਨ ਲਈ ਸਾਰੇ 19 ਕੌਂਸਲਰਾਂ ਦੀ ਸਲਾਹ ਲੈ ਕੇ ਠੋਸ ਯੋਜਨਾ ਬਣਾਈ ਜਾਵੇਗੀ ਤਾਂ ਜੋ ਨਵਾਂਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ। ਇਸ ਮੌਕੇ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਭਾਵੇਂ ਬੀਤੇ ਕਈ ਸਾਲਾਂ ਤੋਂ ਨਵਾਂਸ਼ਹਿਰ ਦੇ ਹਾਲਾਤ ਕਾਫ਼ੀ ਮਾੜੇ ਰਹੇ ਹਨ, ਪਰ ਹੁਣ ਨਵੀਂ ਕਮੇਟੀ ਤੋਂ ਸ਼ਹਿਰ ਵਾਸੀਆਂ ਨੂੰ ਵੱਡੀਆਂ ਉਮੀਦਾਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਦੇ ਕੌਂਸਲਰ ਨਵੇਂ ਬਣੇ ਪ੍ਰਧਾਨ ਨੂੰ ਵਿਕਾਸ ਕਾਰਜਾਂ ਵਿਚ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨਗੀ ਭਾਵੇਂ ਕਿਸੇ ਹੋਰ ਧਿਰ ਕੋਲ ਹੈ, ਪਰ ਸ਼ਹਿਰ ਦੇ ਚੰਗੇ ਭਵਿੱਖ ਲਈ ਨਵੀਂ ਰੂਪ-ਰੇਖਾ ਤਿਆਰ ਕਰ ਕੇ ਨਵੀਆਂ ਜਨ-ਹਿੱਤ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ। ਦੂਜੇ ਪਾਸੇ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਸੁਮਨ ਲਾਲ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਡੋਰਾ ਮੁਹੱਲਾ, ਬੰਗਾ ਰੋਡ, ਰਾਹੋਂ ਰੋਡ ਅਤੇ ਹੋਰ ਜਨਤਕ ਥਾਵਾਂ ’ਤੇ ਲੱਗੇ ਕੂੜੇ ਦੇ ਢੇਰ ਜਲਦੀ ਹੀ ਖ਼ਤਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਦਤਰ ਹੋ ਚੁੱਕੇ ਸੀਵਰੇਜ਼ ਸਿਸਟਮ ਦਾ ਸੁਧਾਰ ਪ੍ਰਾਥਮਿਕਤਾ ਦੇ ਆਧਾਰ ’ਤੇ ਹੋਵੇਗਾ ਅਤੇ ਪੂਰੀ ਕੌਂਸਲ ਇੱਕਜੁੱਟ ਹੋ ਕੇ ਸ਼ਹਿਰ ਦੀ ਸੇਵਾ ਕਰੇਗੀ। ਇਸ ਮੌਕੇ ਕੌਂਸਲਰ ਵਰਿੰਦਰ ਚੋਪੜਾ, ਕੌਂਸਲਰ ਜਸਵੀਰ ਕੌਰ ਬਡਵਾਲ, ਕੌਂਸਲਰ ਕੁਲਵੰਤ ਕੌਰ, ਕੌਂਸਲਰ ਸੁਮਿਤ ਪਰਿਹਾਰ, ਕੌਂਸਲਰ ਮਮਤਾ, ਕੌਂਸਲਰ ਵਕੀਲ ਪਰਮਜੀਤ ਸਿੰਘ ਬਖ਼ਸ਼ੀ, ਸਾਬਕਾ ਕੌਂਸਲਰ ਪ੍ਰਵੀਨ ਭਾਟੀਆ ਸਮੇਤ ਭਾਰੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਸਮਰਥਕ ਹਾਜ਼ਰ ਸਨ।