
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਸ਼ਾ ਮੁਕਤੀ ਕੇਂਦਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸਰਕਾਰੀ ਨਸ਼ਾਮੁਕਤੀ ਕੇਂਦਰ ਵਿਖੇ ਰੱਖੜੀ ਦਾ ਤਿਉਹਾਰ ਸਾਦਗੀ ਅਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਸ਼ਾਮੁਕਤੀ ਕੇਂਦਰ ਦੇ ਮੈਡੀਕਲ ਅਫ਼ਸਰ ਇੰਚਾਰਜ ਡਾ. ਰਮਨ ਕੁਮਾਰ ਅਤੇ ਹੋਰ ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਨਸ਼ਾਮੁਕਤੀ ਦੇ ਸਫ਼ਰ ਵਿਚ ਪਰਿਵਾਰ ਦੀ ਭੂਮਿਕਾ ਬੇਹੱਦ ਮਹੱਤਵ ਪੂਰਨ ਹੁੰਦੀ ਹੈ। ਪਰਿਵਾਰਕ ਸਹਿਯੋਗ ਅਤੇ ਹੌਸਲਾ ਨਸ਼ੇ ਦੀ ਆਦਤ ਤੋਂ ਉੱਭਰ ਰਹੇ ਵਿਅਕਤੀ ਨੂੰ ਆਪਣੀ ਜ਼ਿੰਦਗੀ ਮੁੜ ਸੁਚਾਰੂ ਬਣਾਉਣ ਲਈ ਮਜ਼ਬੂਤ ਪ੍ਰੇਰਨਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਗੰਭੀਰ ਸਮਾਜਿਕ ਸਮੱਸਿਆ ਹੈ, ਜਿਸ ਨਾਲ ਨਜਿੱਠਣ ਲਈ ਇਲਾਜ ਦੇ ਨਾਲ-ਨਾਲ ਪਰਿਵਾਰਕ ਸਹਿਯੋਗ, ਕਾਊਂਸਲਿੰਗ ਅਤੇ ਸਮਾਜ ਦੀ ਸਾਂਝੀ ਭੂਮਿਕਾ ਜ਼ਰੂਰੀ ਹੈ। ਉਨ੍ਹਾਂ ਨਸ਼ਾ ਛੱਡਣ ਲਈ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਨਸ਼ਾਮੁਕਤੀ ਸੰਭਵ ਹੈ ਅਤੇ ਹਰ ਵਿਅਕਤੀ ਨੂੰ ਨਸ਼ਾਮੁਕਤ ਤੇ ਸਿਹਤਮੰਦ ਜੀਵਨ ਵੱਲ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸਮਾਗਮ ਦੌਰਾਨ ਮਰੀਜ਼ਾਂ ਨਾਲ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਸ਼ਾ ਛੱਡ ਕੇ ਸਿਹਤਮੰਦ, ਸਨਮਾਨ ਜਨਕ ਅਤੇ ਨਸ਼ਾ ਮੁਕਤ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੀਰਜ ਕੁਮਾਰ, ਮਨਦੀਪ ਕੌਰ, ਦੀਪਕ ਕੁਮਾਰ ਤੇ ਕੌਂਸਲਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।