ਸੜਕਾਂ ਤੇ ਗਲੀਆਂ ਨੂੰ ਉੱਚਾ ਕਰਨਾ ਸ਼ਹਿਰ ਦਾ ਵਿਕਾਸ ਨਹੀਂ ਲੋਕਾਂ ਦਾ ਵਿਨਾਸ਼ ਸੜਕਾਂ ਅਤੇ ਗਲੀਆਂ ਨੂੰ ਉਚਾ ਕਰਨਾ ਸ਼ਹਿਰ ਦਾ ਵਿਕਾਸ ਨਹੀਂ ਲੋਕਾਂ ਦਾ ਵਿਨਾਸ਼
Publish Date: Sun, 23 Aug 2026 04:01 PM (IST)
Updated Date: Sun, 23 Aug 2026 04:03 PM (IST)
- ਮੀਂਹ ਪੈਂਦਿਆਂ ਹੀ ਲੋਕਾਂ ਦੇ ਘਰ, ਦੁਕਾਨਾਂ ਅਤੇ ਸਰਕਾਰੀ ਦਫ਼ਤਰ ਪਾਣੀ ’ਚ ਖਾਣ ਲੱਗਦੇ ਨੇ ਗੋਤੇ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਬਰਸਾਤ ਦਾ ਮੌਸਮ ਆਉਂਦਿਆਂ ਹੀ ਬੱਦਲਾਂ ਨੂੰ ਵੇਖ ਸਥਾਨਕ ਸ਼ਹਿਰ ਬਲਾਚੌਰ ਦੇ ਲੋਕਾਂ ਦੀਆਂ ਚਿੰਤਾਵਾਂ, ਪਾਣੀ ਚ ਘਿਰ ਜਾਂਦੀਆਂ ਹਨ। ਸਥਾਨਕ ਲੋਕ ਅਸਮਾਨੀ ਚੜ੍ਹੇ ਮੀਂਹ ਦੇ ਬੱਦਲਾ ਵੇਖ ਕੇ ਖੁਸ਼ੀ ਵੀ ਵਜਾਏ ਸਹਿਮ ਜਾਂਦੇ ਹਨ। ਉਨ੍ਹਾਂ ਦੀ ਨਜ਼ਰ ਅਸਮਾਨ ਤੇ ਨਹੀਂ, ਆਪਣੇ ਘਰ ਤੇ ਦੁਕਾਨਾਂ ਦੇ ਦਰਵਾਜਿਆ ਤੇ ਹੁੰਦੀ ਹੈ। ਜਿੱਥੇ ਹਰ ਬਰਸਾਤ ਪਾਣੀ ਖੱਲਲ ਪਾਉਂਦਾ ਹੈ। ਜਦੋਂ ਪ੍ਰਸ਼ਾਸਨਿਕ ਪ੍ਰਬੰਧਾਂ ਦੀਆਂ ਕਮੀਆਂ ਸਾਹਮਣੇ ਆਉਂਦੀਆਂ ਹਨ ਤਾਂ ਵਿਕਾਸ ਦੇ ਨਾਮ ’ਤੇ ਕੀਤੇ ਗਏ ਕੰਮ ਇੱਕ ਕੌੜੇ ਸੱਚ ਵਾਂਗੂ ਮੁਸੀਬਤ ਦਾ ਕਾਰਨ ਬਣ ਜਾਂਦੇ ਹਨ ਅਤੇ ਅਜਿਹੇ ਵਿਚ ਪਹਿਲਾ ਇਸ ਦੀ ਮਾਰ ਗਰੀਬ ਲੋਕਾਂ ਨੂੰ ਹੀ ਸਹਿਣੀ ਪੈਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬੜੀ ਮੁਸ਼ਕਿਲ ਨਾਲ ਆਪਣਾ ਮਕਾਨ ਤੇ ਦੁਕਾਨ ਬਣਾਉਣ ਵੇਲੇ ਸਮਰੱਥਾ ਤੋਂ ਵੱਧ ਖਰਚ ਕਰਕੇ ਕੁਰਸੀ ਉੱਚੀ ਰੱਖੀ ਸੀ ਤਾਂ ਕਿ ਬਾਹਰਲਾ ਪਾਣੀ ਅੰਦਰ ਨਾ ਵੜੇ, ਪਰ ਜਦੋਂ ਸਰਕਾਰੀ ਵਿਕਾਸ ਦੀ ਵਾਰੀ ਆਈ ਤਾਂ ਕਈ ਥਾਂਵਾਂ ਤੇ ਉਨ੍ਹਾਂ ਸੜਕ ਜਾਂ ਗਲੀ ਉਚੀ ਕਰ ਦਿਓ ਦਾ ਫਾਰਮੂਲਾ ਹੀ ਅਪਣਾਇਆ। ਪਹਿਲਾਂ ਸੜਕ ਉੱਚੀ ਹੋਈ ਤਾਂ ਘਰ ਨੀਵੇਂ ਹੋ ਗਏ। ਕੁੱਝ ਸਾਲ ਬਾਅਦ ਸੜਕ ਤੇ ਇੱਕ ਹੋਰ ਪਰਤ ਪੈ ਗਈ ਤਾਂ ਘਰ ਹੋਰ ਨੀਵੇਂ ਹੋ ਗਏ। ਫਿਰ ਮੁਰੰਮਤ ਦੇ ਨਾਮ ਤੇ ਇੱਕ ਹੋਰ ਪਰਤ ਆ ਜਾਂਦੀ ਹੈ। ਸੜਕ ਵਿਕਾਸ ਦੀਆਂ ਮੰਜ਼ਿਲਾ ਚੜ੍ਹ ਰਹੀ ਹੈ ਅਤੇ ਉਨ੍ਹਾਂ ਦੇ ਘਰ ਤੇ ਦੁਕਾਨਾਂ ਜ਼ਮੀਨ ਵਿੱਚ ਧੱਸ ਰਹੀਆਂ ਹਨ। ਅੱਜ ਬਲਾਚੌਰ ਦੇ ਗੜ੍ਹਸ਼ੰਕਰ ਰੋਡ, ਭੱਦੀ ਰੋਡ, ਗਹੂੰਣ ਰੋਡ, ਰੋਪੜ ਰੋਡ ਅਤੇ ਇੱਥੋ ਤੱਕ ਸ਼ਹਿਰ ਅੰਦਰ ਦੀਆਂ ਗਲੀਆਂ ਅਤੇ ਰੋਪੜ ਰੋਡ ਤੋਂ ਗਹੂੰਣ ਰੋਡ ਨੂੰ ਲੱਗਦੀ ਨਵੀਂ ਬਣੀ ਕੰਕਰੀਟ ਦੀ ਸੜਕ ਆਪ ਮੁਹਾਰੇ ਹੀ ਵਿਕਾਸ ਦੀ ਨਹੀਂ ਵਿਨਾਸ਼ ਦੀ ਮਿਸਾਲ ਦਿੰਦੀਆਂ ਹਨ। ਜਿੱਥੇ ਕਿ ਲੋਕਾਂ ਦੇ ਘਰ ਅਤੇ ਦੁਕਾਨਾਂ ਸੜਕ ਦਾ ਤਹਿਖਾਨਾ ਲੱਗਣ ਲੱਗੀਆਂ ਹਨ। ਬਰਸਾਤ ਆਉਂਦਿਆਂ ਹੀ ਤਹਿਸੀਲ ਕੰਪਲੈਕਸ ਦੇ ਚੜ੍ਹਦੇ ਪਾਸੇ ਕੌਂਸਲਰ ਪਰਮਿੰਦਰ ਪੰਮਾ ਦੇ ਘਰ ਵਾਲੀ ਗਲੀ, ਜਗਤਪੁਰ ਰੋਡ ਛੋਟੀਆਂ ਨਹਿਰਾਂ ਅਤੇ ਤਹਿਸੀਲ ਕੰਪਲੈਕਸ ਬਲਾਚੌਰ ਦੇ ਸਾਹਮਣੇ ਦੀ, ਰੋਪੜ ਰੋਡ ਗੈਸ ਏਜੰਸੀ ਤੱਕ ਕਿਸੇ ਛੱਪੜ ਨਹੀਂ, ਬਲਕਿ ਵਿਕਰਾਲ ਦਰਿਆ ਦੇ ਰੂਪ ਵਿਚ ਬਦਲ ਜਾਂਦੀਆਂ ਹਨ। ਜਿਸ ਨੂੰ ਇਹ ਰਾਜਨੀਤਿਕ ਲੋਕ ਆਪੋ ਆਪਣੀ ਕਾਰਗੁਜ਼ਾਰੀ ਵਿਚ ਕੀਤੇ ਗਏ ਵਿਕਾਸ ਦਾ ਨਾਮ ਦੇ ਰਿਹਾ ਹੈ। ਅਸਲ ਵਿਚ ਲੋਕਾਂ ਲਈ ਵਿਨਾਸ਼ ਸਿੱਧ ਹੋਇਆ ਹੈ। ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਦਰਵਾਜ਼ੇ ਬਰਸਾਤ ਦੇ ਗੰਦੇ ਪਾਣੀ ਨੂੰ ਖੁੱਲ੍ਹੇ ਸੱਦੇ ਬਣ ਜਾਂਦੇ ਹਨ। ਕਈਆਂ ਦੇ ਘਰਾਂ ਅੰਦਰੋ ਮੰਜੇ, ਬਿਸਤਰੇ, ਭਾਂਡੇ ਅਤੇ ਦੁਕਾਨਾ ਦਾ ਸਾਮਾਨ ਅੰਦਰੋਂ ਨਿਕਲ ਪਾਣੀ ਚ ਗੋਤੇ ਲਗਾਉਂਦੇ ਫਿਰਦੇ ਹਨ। ਅਜਿਹੇ ਵਿਚ ਸ਼ਹਿਰ ਦੇ ਲੋਕਾਂ ਪਾਸ ਕਿਸਮਤ ਨੂੰ ਕੋਸਣ ਤੋਂ ਇਲਾਵਾ ਕੁੱਝ ਨਹੀਂ ਬਚਦਾ। ਪਾਣੀ ਨਾਲ ਘਰਾਂ ਦੀਆਂ ਤਿੜਕ ਰਹੀਆਂ ਦੀਵਾਰਾਂ ਨਾਲ ਸਾਲਾ ਦੀ ਮਿਹਨਤ ਨਾਲ ਬਣਾਏ ਸੁਪਨੇ ਤੋੜਦੀਆਂ ਨਜ਼ਰ ਆਉਂਦੀਆਂ ਹਨ। ਸ਼ਹਿਰ ਦੇ ਸੂਰਤ ਏ ਹਾਲਤ ਇਹ ਹੋ ਚੁੱਕੇ ਹਨ ਕਿ ਅੱਖਾਂ ਮੀਚ ਕੇ ਸੜਕਾਂ ਅਤੇ ਗਲੀਆਂ ਦਾ ਵਿਕਾਸ ਕਰਨ ਵਾਲੇ ਸਾਇਦ ਉਸ ਦਿਨ ਦੀ ਉਡੀਕ ਕਰ ਰਹੇ ਹੋ। ਜਦੋਂ ਸੜਕਾਂ ਇੰਨੀਆਂ ਉਚੀਆਂ ਹੋ ਜਾਣਗੀਆਂ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਨਿਕਲਣ ਲਈ ਦਰਵਾਜੇ ਨਹੀਂ, ਕਿਸ਼ਤੀਆਂ ਲੱਭਣੀਆਂ ਪੈਣਗੀਆਂ। ਲੋਕਾਂ ਦਾ ਕਹਿਣਾ ਹੈ ਕਿ ਇਹ ਗੱਲ ਸੁਣਨ ਵਿਚ ਵਿਅੰਗ ਜਾਪਦੀ ਹੈ, ਪਰ ਜਿਨ੍ਹਾਂ ਪਰਿਵਾਰਾਂ ਦੇ ਘਰ ਹਰ ਬਰਸਾਤ ਵਿਚ ਪਾਣੀ ਨਾਲ ਭਰ ਜਾਂਦੇ ਹਨ। ਉਨ੍ਹਾਂ ਲਈ ਇਹ ਵਿਅੰਗ ਨਹੀਂ, ਹਕੀਕਤ ਹੈ, ਹਾਸੇ ਨਹੀਂ ਹੰਝੂਆਂ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਉੱਚੀਆਂ ਹੋਣ ਕਾਰਨ ਤਹਿਸੀਲ ਕੰਪਲੈਕਸ, ਖੇਤੀਬਾੜੀ ਦਫ਼ਤਰ, ਸਿਵਲ ਹਸਪਤਾਲ ਵਰਗੇ ਅਹਿਮ ਅਦਾਰੇ ਬਰਸਾਤਾਂ ਦੇ ਦਿਨਾ ਦੌਰਾਨ ਪਾਣੀ ਵਿੱਚ ਗੋਤੇ ਖਾਣ ਲੱਗ ਪੈਂਦੇ ਹਨ।