- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਲਦਾਰ ਪੌਦਿਆਂ ਦੀ ਖ਼ਰੀਦ ਸਿਰਫ਼ ਸਰਕਾਰੀ ਜਾਂ ਰਜਿਸਟਰਡ ਨਰਸਰੀਆਂ ਤੋਂ ਹੀ ਕਰੋ-ਡਾ. ਰਾਜੇਸ਼ ਕੁਮਾਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਸਹਾਇਕ ਨਿਰਦੇਸ਼ਕ ਬਾਗਬਾਨੀ ਡਾ. ਰਾਜੇਸ਼ ਕੁਮਾਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਦਾਬਹਾਰ ਫਲਦਾਰ ਬੂਟੇ ਲਾਉਣ ਲਈ ਸਤੰਬਰ-ਅਕਤੂਬਰ ਦੇ ਅਨੁਕੂਲ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਅਮਰੂਦ, ਨਿੰਬੂ, ਕਿੰਨੂੰ, ਮਾਲਟਾ, ਅੰਬ, ਲੀਚੀ, ਚੀਕੂ ਅਤੇ ਬੇਰ ਆਦਿ ਸਦਾਬਹਾਰ ਫਲਦਾਰ ਬੂਟੇ ਲਾਉਣ ਲਈ ਇਹ ਸਮਾਂ ਢੁੱਕਵਾਂ ਰਹਿੰਦਾ ਹੈ। ਡਾ. ਰਾਜੇਸ਼ ਕੁਮਾਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਫਲਦਾਰ ਬੂਟੇ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਰਾਸ਼ਟਰੀ ਬਾਗਬਾਨੀ ਬੋਰਡ ਤੋਂ ਮਾਨਤਾ ਪ੍ਰਾਪਤ/ਰਜਿਸਟਰਡ/ਲਾਇਸੰਸਧਾਰੀ ਨਰਸਰੀਆਂ ਤੋਂ ਹੀ ਖ਼ਰੀਦਣ। ਉਨ੍ਹਾਂ ਕਿਹਾ ਕਿ ਬੂਟੇ ਖ਼ਰੀਦਣ ਤੋਂ ਪਹਿਲਾਂ ਨਰਸਰੀ ਦੀ ਰਜਿਸਟ੍ਰੇਸ਼ਨ ਜਾਂ ਲਾਇਸੈਂਸ, ਬੂਟੇ ਦੀ ਕਿਸਮ, ਰੂਟਸਟਾਕ, ਉਮਰ ਅਤੇ ਸਿਹਤ ਸਬੰਧੀ ਜਾਣਕਾਰੀ ਜ਼ਰੂਰ ਜਾਂਚ ਲਓ। ਉਨ੍ਹਾਂ ਕਿਹਾ ਕਿ ਬੂਟੇ ਕੀਟ ਅਤੇ ਰੋਗਾਂ ਤੋਂ ਮੁਕਤ, ਸਿਹਤਮੰਦ, ਮਜ਼ਬੂਤ ਅਤੇ ਸਬੰਧਤ ਕਿਸਮ ਦੇ ਅਨੁਸਾਰ ਹੋਣੇ ਚਾਹੀਦੇ ਹਨ।
ਬੂਟਿਆਂ ਦੀ ਖ਼ਰੀਦ ਸਮੇਂ ਬਿੱਲ ਜਾਂ ਰਸੀਦ ਜ਼ਰੂਰ ਪ੍ਰਾਪਤ ਕਰੋ ਅਤੇ ਬੂਟੇ ਦੀ ਕਿਸਮ, ਸਰੋਤ ਅਤੇ ਖ਼ਰੀਦ ਦੀ ਤਾਰੀਖ ਦਾ ਰਿਕਾਰਡ ਵੀ ਸੰਭਾਲ ਕੇ ਰੱਖੋ। ਉਨ੍ਹਾਂ ਦੱਸਿਆ ਕਿ ਗੈਰ-ਰਜਿਸਟਰਡ ਸਰੋਤਾਂ ਤੋਂ ਬੂਟੇ ਖ਼ਰੀਦਣ ਤੇ ਗਲਤ ਕਿਸਮ, ਮਾੜੀ ਕੁਆਲਿਟੀ ਜਾਂ ਰੋਗਗ੍ਰਸਤ ਬੂਟੇ ਮਿਲਣ ਦਾ ਖ਼ਤਰਾ ਰਹਿੰਦਾ ਹੈ, ਜਿਸ ਨਾਲ ਬਾਗ ਦੀ ਪੈਦਾਵਾਰ ਅਤੇ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੋ ਸਕਦੀ ਹੈ। ਸਹਾਇਕ ਨਿਰਦੇਸ਼ਕ ਬਾਗਬਾਨੀ ਨੇ ਕਿਸਾਨਾਂ ਨੂੰ ਕਿਹਾ ਕਿ ਬਾਗ ਲਾਉਣ ਤੋਂ ਪਹਿਲਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਮਿੱਟੀ ਦੀ ਜਾਂਚ, ਪਾਣੀ ਦੀ ਉਪਲਬਧਤਾ ਅਤੇ ਖੇਤਰ ਦੇ ਅਨੁਕੂਲ ਫਲਦਾਰ ਕਿਸਮ ਦੀ ਚੋਣ ਕੀਤੀ ਜਾਵੇ। ਬੂਟਿਆਂ ਵਿਚਕਾਰ ਅਤੇ ਕਤਾਰਾਂ ਵਿਚਕਾਰ ਦੂਰੀ ਸਬੰਧਿਤ ਫਲ ਦੀ ਕਿਸਮ ਅਤੇ ਵਿਭਾਗੀ ਸਿਫਾਰਸ਼ਾਂ ਅਨੁਸਾਰ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੂਟੇ ਲਾਉਣ ਤੋਂ ਤੁਰੰਤ ਬਾਅਦ ਹਲਕੀ ਸਿੰਚਾਈ ਕੀਤੀ ਜਾਵੇ ਅਤੇ ਸ਼ੁਰੂਆਤੀ ਅਵਸਥਾ ਵਿਚ ਬੂਟਿਆਂ ਦੀ ਢੁੱਕਵੀਂ ਦੇਖਭਾਲ ਕੀਤੀ ਜਾਵੇ। ਇਸ ਨਾਲ ਬੂਟਿਆਂ ਦਾ ਚੰਗਾ ਵਾਧਾ ਯਕੀਨੀ ਬਣਾਉਣ ਦੇ ਨਾਲ-ਨਾਲ ਭਵਿੱਖ ਵਿਚ ਬਾਗ ਨੂੰ ਸਫਲ ਬਣਾ ਕੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਵਿੱਚ ਮਦਦ ਮਿਲੇਗੀ।