ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਬੰਦ ਦਾ ਸਮਰਥਨ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਬੰਦ ਦਾ ਸਮਰਥਨ
Publish Date: Thu, 15 Oct 2026 03:59 PM (IST)
Updated Date: Thu, 15 Oct 2026 04:00 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਮਾਨਸਾ ਜ਼ਿਲ੍ਹੇ ਦੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਨੂੰ ਸ਼ਰੇਆਮ ਇਕ ਦਵਾਈ ਵਿਕਰੇਤਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੇ ਵਿਰੋਧ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਵਾਂਸ਼ਹਿਰ ਜ਼ਿਲ੍ਹੇ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਵਿਚ ਹੜਤਾਲ ਕਰਵਾ ਕੇ ਬੰਦ ਕੀਤੀਆਂ ਗਈਆਂ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਧਰਮਕੋਟ, ਜ਼ਿਲ੍ਹਾ ਆਗੂ ਰਾਜੂ ਬਰਨਾਲਾ ਤੇ ਯੁਵਰਾਜ ਮੀਰਪੁਰ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਇੱਕ ਮੈਡੀਕਲ ਨਸ਼ਾ ਤਸਕਰ ਅਸ਼ਵਨੀ ਕੁਮਾਰ ਨੇ ਨੌਜਵਾਨ ਪਰਵਿੰਦਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਸ ਉਪਰੰਤ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਮੈਡੀਕਲ ਨਸ਼ਾ ਤਸਕਰ ਦੇ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਚੱਲ ਰਹੇ ਹਨ ਅਤੇ ਇਸ ਵਾਰ ਵੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਤੇ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਦਿਨੋਂ-ਦਿਨ ਹੋਰ ਵਧਦਾ ਜਾ ਰਿਹਾ ਹੈ। ਜਿਸ ਕਰ ਕੇ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾ ਹੋ ਕੇ ‘ਯੁੱਧ ਨਸ਼ਿਆਂ ਨੂੰ ਰੋਕਣ ਵਾਲਿਆਂ ਦੇ ਵਿਰੁੱਧ’ ਬਣ ਗਈ ਹੈ। ਪੰਜਾਬ ਵਿਚ ਨਸ਼ੇ ਦੇ ਲਈ ਇੱਥੋਂ ਦੀ ਪੁਲਿਸ, ਸਿਆਸਤਦਾਨ ਤੇ ਨਸ਼ੇ ਦੇ ਸਮੱਗਲਰ ਜ਼ਿੰਮੇਵਾਰ ਹਨ। ਜਦੋਂ ਤੱਕ ਇਨ੍ਹਾਂ ਤਿੰਨਾਂ ਦਾ ਗਠਜੋੜ ਬਰਕਰਾਰ ਹੈ, ਉਦੋਂ ਤੱਕ ਪੰਜਾਬ ਵਿਚੋਂ ਨਸ਼ਾ ਖਤਮ ਕਰਨਾ ਬਿਲਕੁੱਲ ਅਸੰਭਵ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਹਾਲਾਤਾਂ ਦੇ ਜ਼ਿੰਮੇਵਾਰ ਪੰਜਾਬ ਡੀਜੀਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣੇ ਚਾਹੀਦੇ ਹਨ। ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ, ਕਤਲ ਦੀ ਜਾਂਚ ਸੀਬੀਆਈ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਕਿ ਪੂਰੀ ਸੱਚਾਈ ਜਨਤਾ ਦੇ ਸਾਹਮਣੇ ਆ ਸਕੇ। ਇਸ ਮੌਕੇ ਆਈਟੀਆਈ ਦੇ ਕਮਲ ਬਜੀਦਪੁਰ, ਮਨਪ੍ਰੀਤ, ਲਵਪ੍ਰੀਤ ਸਿੰਘ, ਮਨਦੀਪ ਸਨਾਵਾ, ਹਰਮਨ ਸਿੰਘ, ਮਨੋਜ, ਸੌਰਵ, ਮੋਹਿਤ, ਭੁਪਿੰਦਰ ਸਿੰਘ, ਦਿਲਪ੍ਰੀਤ ਸਿੰਘ, ਹੈਰੀ, ਪਰਮਿੰਦਰ ਸਿੰਘ ਆਦਿ ਮੌਜੂਦ ਸਨ।