ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਨੂੰ ਬਿਜਲੀ ਕੁਨੈਕਸ਼ਨ ਤੁਰੰਤ ਬਹਾਲ ਕਰੇ ਪੰਜਾਬ ਸਰਕਾਰ : ਮੋਮੀ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ੍ਹ ਨੂੰ ਬਿਜਲੀ ਕੁਨੈਕਸ਼ਨ ਤੁਰੰਤ ਬਹਾਲ ਕਰੇ ਪੰਜਾਬ ਸਰਕਾਰ-ਲਖਵਿੰਦਰ ਸਿੰਘ ਮੋਮੀ
Publish Date: Tue, 13 Oct 2026 05:57 PM (IST)
Updated Date: Tue, 13 Oct 2026 05:59 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦਾ ਕੱਟਿਆ ਹੋਇਆ ਬਿਜਲੀ ਕੁਨੈਕਸ਼ਨ ਤੁਰੰਤ ਬਹਾਲ ਕਰਵਾਉਣ ਦੀ ਮੰਗ ਕਰਦਿਆਂ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੂੰ ਇੱਕ ਮੰਗ ਪੱਤਰ ਸੌਂਪਿਆ। ਲਖਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦਾ ਬਿਜਲੀ ਕੁਨੈਕਸ਼ਨ ਕੱਟਿਆ ਹੋਣਾ ਗੰਭੀਰ ਮਾਮਲਾ ਹੈ। ਪਿਛਲੇ ਸਾਲ ਵੀ ਮਿੱਲ ਨੂੰ ਗੰਨੇ ਦੀ ਪਿੜਾਈ ਅਤੇ ਖੰਡ ਦੇ ਉਤਪਾਦਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਮਿੱਲ ਨੂੰ ਕਈ ਕਰੋੜ ਰੁਪਏ ਦੇ ਵਿੱਤੀ ਨੁਕਸਾਨ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਹੁਣ ਗੰਨਾ ਪੀੜਨ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਪਰ ਬਿਜਲੀ ਕੁਨੈਕਸ਼ਨ ਬਹਾਲ ਨਾ ਹੋਣ ਕਾਰਨ ਮਿੱਲ ਦੇ ਸਮੇਂ ਸਿਰ ਚਾਲੂ ਹੋਣ ਬਾਰੇ ਚਿੰਤਾ ਬਣੀ ਹੋਈ ਹੈ। ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਸਿਰਫ਼ ਇੱਕ ਉਦਯੋਗਿਕ ਅਦਾਰਾ ਨਹੀਂ, ਸਗੋਂ ਇਲਾਕੇ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਮਹੱਤਵਪੂਰਨ ਅਦਾਰਾ ਹੈ। ਜੇਕਰ ਮਿੱਲ ਸਮੇਂ ਸਿਰ ਚਾਲੂ ਨਹੀਂ ਹੁੰਦੀ ਤਾਂ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਪਿੜਾਈ ਅਤੇ ਵਿਕਰੀ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਮਿੱਲ ਨੂੰ ਵੀ ਵਾਧੂ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ ਅਤੇ ਸਬੰਧਿਤ ਸਹਿਕਾਰਤਾ ਤੇ ਬਿਜਲੀ ਵਿਭਾਗਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਅਤੇ ਮਿੱਲ ਦਾ ਬਿਜਲੀ ਕੁਨੈਕਸ਼ਨ ਤੁਰੰਤ ਬਹਾਲ ਕਰਵਾਇਆ ਜਾਵੇ ਤਾਂ ਜੋ ਆਗਾਮੀ ਸੀਜ਼ਨ ਵਿਚ ਗੰਨੇ ਦੀ ਪਿੜਾਈ ਸਮੇਂ ਸਿਰ ਸ਼ੁਰੂ ਹੋ ਸਕੇ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਲੱਕੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰਨਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਮਿੱਲ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਗੁਰਮੀਤ ਸਿੰਘ ਬਕਾਪੁਰ ਸਕੱਤਰ ਭਾਜਪਾ ਕਿਸਾਨ ਮੋਰਚਾ ਪੰਜਾਬ, ਜਸਵੰਤ ਸਿੰਘ ਵਰਿਆਮ ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਅਤੇ ਜ਼ੋਰਾਵਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਫਿਰੋਜ਼ਪੁਰ ਵੀ ਹਾਜ਼ਰ ਸਨ।