ਬਲਾਚੌਰ ’ਚ ਸ਼ਹਿਰ ਦੇ ਬਾਜ਼ਾਰ ਰਹੇ ਮੁਕੰਮਲ ਬੰਦ ਬਲਾਚੌਰ 'ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
Publish Date: Thu, 15 Oct 2026 07:05 PM (IST)
Updated Date: Thu, 15 Oct 2026 07:06 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਮਾਨਸਾ ’ਚ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਆਪਣੇ ਪਿਸਤੌਲ ਨਾਲ ਪਰਵਿੰਦਰ ਸਿੰਘ ਝੋਟਾ ਦੇ ਕੀਤੇ ਕਥਿਤ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੀ ਕਾਲ ਤੇ ਸਥਾਨਕ ਸ਼ਹਿਰ ਬਲਾਚੌਰ ਪੂਰਨ ਤੌਰ ਤੇ ਬੰਦ ਰਿਹਾ। ਯਾਦ ਰਹੇ ਕਿ ਪਰਵਿੰਦਰ ਸਿੰਘ ਝੋਟਾ ਨਸ਼ੇ ਦਾ ਵਿਰੋਧ ਕਰ ਰਿਹਾ ਸੀ, ਉਹ ਨਾ ਕੇਵਲ ਨਸ਼ਾ ਵੇਚਣ ਤੋਂ ਰੋਕਦਾ ਸੀ, ਬਲਕਿ ਨਸ਼ਾ ਵੇਚਣ ਵਾਲਿਆ ਨੂੰ ਵੀ ਫੜਦੇ ਸਨ ਤੇ ਜਦ ਉਨ੍ਹਾਂ ਵੱਲੋਂ ਬੀਤੇ ਦਿਨ ਫੇਸਬੁੱਕ ਉਪਰ ਲਾਈਵ ਹੋ ਕੇ ਮਾਨਸਾ ਦੇ ਇੱਕ ਮੈਡੀਕਲ ਸਟੋਰ ਮਾਲਕ ਨੂੰ ਨਸ਼ੇ ਵੇਚਦੇ ਫੜਿਆ। ਤਾਂ ਉਨ੍ਹਾਂ ਵਿਚਕਾਰ ਤਕਰਾਰ ਹੋ ਗਿਆ ਤੇ ਮੈਡੀਕਲ ਸਟੋਰ ਮਾਲਕ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਜੋ ਪਰਮਿੰਦਰ ਸਿੰਘ ਝੋਟੇ ਦੀ ਮੌਤ ਦਾ ਕਾਰਨ ਬਣੀਆਂ। ਜਿਸ ਦੇ ਰੋਸ ਵਜੋਂ ਰਾਜਨੀਤਿਕ, ਸਮਾਜ ਸੇਵੀ ਤੇ ਇੰਨਸਾਫ ਪਸੰਦ ਜਥੇਬੰਦੀਆਂ ਵੱਲੋਂ ਮੇਨ ਚੌਕ ਬਲਾਚੌਰ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਇਸ ਮੌਕੇ ਆਗੂਆਂ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਘਟਨਾਂ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਝੋਟੇ ਵੱਲੋਂ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਮਾਲਕ ਖਿਲਾਫ ਲੰਬੇ ਸਮੇਂ ਤੋਂ ਅਵਾਜ ਬੁਲੰਦ ਕੀਤੀ ਜਾ ਰਹੀ ਸੀ। ਸ਼ੋਸ਼ਲ ਮੀਡੀਆਂ ਤੇ ਵਾਇਰਲ ਵੀਡੀਓਜ ਮੁਤਾਬਿਕ ਜੇਕਰ ਪੁਲਿਸ ਸਹੀ ਸਮੇਂ ਤੇ ਉਥੇ ਪਹੁੰਚ ਜਾਂਦੀ ਤਾਂ ਬਚਾਅ ਹੋ ਸਕਦਾ ਸੀ। ਉਨ੍ਹਾਂ ਆਖਿਆ ਕਿ ਇਸ ਘਟਨਾ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇੱਥੇ ਜੰਗਲ ਰਾਜ ਹੋਣ ਦੀ ਗੱਲ ਨੂੰ ਸਾਬਤ ਕਰ ਦਿੱਤਾ ਹੈ। ਪੰਜਾਬ ਅੰਦਰ ਅਮਨ-ਕਾਨੂੰਨ ਨਾਂ ਦੀ ਕੋਈ ਚੀਜ ਨਹੀ ਹੈ ਇੱਥੇ ਨਸ਼ਾ ਤਸਕਰੀ, ਕੁੱਟਮਾਰ, ਲੁੱਟ-ਖੋਹ, ਚੋਰੀਆਂ, ਗੈਗਵਾਰਾਂ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਆਗੂਆਂ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿਰਪੱਖ ਜਾਂਚ ਤੇ ਇਸ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਕਥਿਤ ਕਾਤਲ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਆਗੂਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰੰਤ ਸਿੰਘ ਮਾਨ ਅਤੇ ਡੀਜੀਪੀ ਗੋਰਵ ਯਾਦਵ ਤੋਂ ਅਸਤੀਫੇ ਦੀ ਮੰਗ ਵੀ ਕੀਤੀ। ਇਸ ਮੌਕੇ ਡੀਐਸਪੀ ਹਿਮੰਤ ਮਲਹੋਤਰਾ ਅਤੇ ਮੁੱਖ ਥਾਣਾ ਅਫਸਰ ਸਿਟੀ ਬਲਾਚੌਰ ਰਾਜ ਪਰਵਿੰਦਰ ਕੌਰ ਦੀ ਅਗਵਾਈ ਵਿਚ ਵੱਡੀ ਗਿਣਤੀ ਪੁਲਿਸ ਪਾਰਟੀ ਵੱਲੋਂ ਰੋਸ਼ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਉਪਰ ਤਿੱਖੀ ਨਜ਼ਰ ਬਣਾਈ ਹੋਈ ਸੀ ਅਤੇ ਹਰ ਤਰ੍ਹਾਂ ਦੀ ਘਟਨਾ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਵੱਡੀ ਗਿਣਤੀ ਪੁਲਿਸ ਨਫਰੀ ਤਾਇਨਾਤ ਕੀਤੀ ਹੋਈ ਸੀ। ਅਖੀਰ ਪੂਰੇ ਅਮਨ ਅਮਾਨ ਨਾਲ ਇਹ ਰੋਸ ਪ੍ਰਦਰਸ਼ਨ ਸੂਬੇ ਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦਾ ਹੋਇਆ ਸਮਾਪਤ ਹੋਇਆ।