
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤਾ ਨਵਾਂਸ਼ਹਿਰ 'ਚ ਪੰਜਾਬ ਬੰਦ

- ਨਵਾਂਸ਼ਹਿਰ ’ਚ ਬੰਦ ਨੂੰ ਮਿਲਿਆ ਰਲਵਾਂ ਮਿਲਿਆ ਹੁੰਗਾਰਾ
- ਸਰਕਾਰੀ ਸਕੂਲ, ਦਵਾਈ ਦੀਆਂ ਦੁਕਾਨਾਂ, ਹਸਪਤਾਲ ਰਹੇ ਖੁੱਲ੍ਹੇ ਤੇ ਨਿੱਜੀ ਸਕਲੂ, ਬੈਂਕ ਰਹੇ ਬੰਦ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ ਕੋਠੀ ਰੋਡ, ਐੱਮਸੀ ਰੋਡ, ਗੀਤਾ ਭਵਨ ਰੋਡ, ਰੇਲਵੇ ਰੋਡ ਅਤੇ ਹੋਰਨਾਂ ਬਾਜ਼ਾਰਾਂ ਵਿਚ ਘੁੰਮ ਰਹੇ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਅਤੇ ਵਰਕਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੀ ਕਾਲ ਵਿਚ ਸਹਿਯੋਗ ਕਰਨ ਵਾਲੇ ਸਮੁੱਚੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਆਗੂਆਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਬੰਦ ਦੀ ਮੰਗ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਪਣੇ ਵੱਲੋਂ ਜਾਣਕਾਰੀ ਸਮੂਹ ਦੁਕਾਨਦਾਰਾਂ ਅਤੇ ਲੋਕਾਂ ਨੂੰ ਦਿੱਤੀ ਗਈ ਸੀ। ਜਿਸ ਤਹਿਤ ਲੋਕਾਂ ਨੇ ਬੰਦ ਦੌਰਾਨ ਆਪਣੀਆਂ ਦੁਕਾਨਾਂ ਅਤੇ ਆਪਣੇ ਕੰਮਕਾਰ ਬੰਦ ਰੱਖ ਕੇ ਪੂਰਨ ਸਮਰਥਨ ਦਿੱਤਾ ਗਿਆ ਹੈ। ਜਿਸ ਲਈ ਉਹ ਲੋਕਾਂ ਦੇ ਤਹਿ ਦਿਲੋਂ ਆਭਾਰੀ ਹਨ। ਉਨ੍ਹਾਂ ਕਿਹਾ ਕਿ ਸਵੇਰੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕੀਤੇ ਜਾ ਰਹੇ ਬੰਦ ’ਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਜੋ ਸਮਰਥਨ ਦਿੱਤਾ ਹੈ। ਉਸ ਨਾਲ ਪੰਜਾਬ ਸਰਕਾਰ ਨੂੰ ਲੋਕਾਂ ਦੀ ਮੰਗ ਬਾਰੇ ਪਤਾ ਚੱਲ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਯੋਗ ਉਪਰਾਲੇ ਨਹੀਂ ਕੀਤੇ ਗਏ ਤਾਂ ਇਸ ਮੰਗ ਨੂੰ ਲੈ ਕੇ ਹੋਰ ਵੀ ਸੰਘਰਸ਼ ਕੀਤੀ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਬੰਦ ਦੌਰਾਨ ਸਰਕਾਰੀ, ਗੈਰ ਸਰਕਾਰੀ ਹਸਪਤਾਲਾਂ, ਦਵਾਈ ਦੀਆਂ ਦੁਕਾਨਾਂ, ਦੁੱਧ, ਮਠਿਆਈ ਅਤੇ ਰੋਜ਼ਾਨਾ ਦੀਆਂ ਵਸਤਾਂ ਦੀ ਦੁਕਾਨਾਂ ਨੂੰ 2 ਵਜੇ ਤੱਕ ਬੰਦ ਰੱਖਣ ਤੋਂ ਬਾਅਦ ਖੋਲ੍ਹਣ ਨੂੰ ਮੰਜੂਰੀ ਦਿੱਤੀ ਗਈ ਹੈ। ਜਿਸ ਕਾਰਨ ਲੋਕਾਂ ਨੇ ਬਾਅਦ ਦੁਪਹਿਰ ਆਪਣੇ ਘਰਾਂ ਦੇ ਲੋੜੀਂਦਾ ਸਾਮਾਨ ਦੀ ਖ਼ਰੀਦਦਾਰੀ ਕੀਤੀ ਗਈ।
ਇਹੇ ਨਹੀਂ ਨਵਾਂਸ਼ਹਿਰ ’ਚ ਸਰਕਾਰੀ ਸਕੂਲ ਖੁੱਲ੍ਹੇ ਰਹੇ, ਜਦਕਿ ਨਿੱਜੀ ਸਕੂਲਾਂ ਦੇ ਬੰਦ ਰਹਿਣ ਕਾਰਨ ਬੱਚੇ ਘਰ ਵਿਚ ਹੀ ਆਪਣੀ ਪੜ੍ਹਾਈ ਅਤੇ ਦੈਨਿਕ ਕਾਰਜ ਕਰਦੇ ਦਿਸੇ। ਇਸੇ ਤਰ੍ਹਾਂ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੇ ਬੰਦ ਰਹਿਣ ਕਾਰਨ ਬੰਦ ਨੂੰ ਕਾਫੀ ਹੁੰਗਾਰਾ ਮਿਲਿਆ ਹੈ। ਇਸੇ ਤਰ੍ਹਾਂ ਪੈਟ੍ਰੋਲ ਪੰਪ, ਸਬਜੀ ਮੰਡੀ, ਰੇਹੜੀਆਂ, ਫੜੀਆਂ ਖੁੱਲ੍ਹੀਆਂ ਰਹਿਣ ਕਰਨ ਲੋਕਾਂ ਨੂੰ ਆਪਣੀ ਪਸੰਦੀਦਾ ਸਬਜ਼ੀਆਂ ਖਰੀਦਣ ਲਈ ਮਸ਼ਕਤ ਨਹੀਂ ਕਰਨੀ ਪਈ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਆਲੇ-ਦੁਆਲੇ ਦੇ ਟੋਲ ਪਲਾਜ਼ਾ ਨੂੰ ਬੰਦ ਰੱਖਣ ਕਾਰਨ ਜਾਮ ਵਿਚ ਫਸੀਆਂ ਬੱਸਾਂ ਅਤੇ ਹੋਰ ਛੋਟੇ-ਵੱਡੇ ਵਾਹਨ ਚਾਲਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦਕਿ ਬੱਸ ਅੱਡੇ ’ਚ ਸਵਾਰੀਆਂ ਨੂੰ ਬੱਸਾਂ ਦਾ ਇੰਤਜ਼ਾਰ ਕਰਦੇ ਦੇਖਿਆ ਗਿਆ।
- ਬੰਦ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਜਤਾਇਆ ਇਤਰਾਜ
ਵਪਾਰ ਮੰਡਲ ਦੇ ਪ੍ਰਧਾਨ ਟਿੰਕੂ ਅਰੋੜਾ ਨੇ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਇਸ ਬੰਦ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਦੁਕਾਨਦਾਰਾਂ ਨਾਲ ਕਰਨ ’ਤੇ ਇਤਰਾਜ ਜਤਾਇਆ ਗਿਆ। ਟਿੰਕੂ ਅਰੋੜਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਬੰਦ ਦੌਰਾਨ ਸਬੰਧਿਤ ਜਥੇਬੰਦੀਆਂ ਵੱਲੋਂ ਵਪਾਰ ਮੰਡਲ ਅਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਜਾਂ ਅਹੁਦੇਦਾਰਾਂ ਨਾਲ ਮੀਟਿੰਗ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕੌਮੀ ਇਨਸਾਫ ਮੋਰਚਾ ਦੇ ਕਿਸੇ ਵੀ ਆਗੂ ਜਾਂ ਵਰਕਰ ਨੇ ਇਸ ਸੰਬੰਧ ਵਿਚ ਕਿਸੇ ਦੁਕਾਨਦਾਰ ਨਾਲ ਕੋਈ ਮੀਟਿੰਗ ਨਹੀਂ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਬੰਦ ਦੌਰਾਨ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਵੇ ਉਥੇ ਇਲਾਕੇ ਵਿਚ ਦੁਕਾਨਾਂ ਬੰਦ ਰੱਖਣ ਬਾਰੇ ਪਹਿਲਾ ਵਪਾਰ ਮੰਡਲ ਜਾਂ ਦੁਕਾਨਦਾਰ ਯੂਨੀਅਨ ਦੇ ਨਾਲ ਮੀਟਿੰਗਾਂ ਨੂੰ ਜ਼ਰੂਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ। ਉਧਰ ਲੋਕਾਂ ਨੇ ਦੱਸਿਆ ਕਿ ਇਕ ਪਾਸੇ ਤਿਉਹਾਰੀ ਸੀਜਨ ਸ਼ੁਰੂ ਹੋ ਗਿਆ ਹੈ। ਅਜਿਹੇ ਵਿਚ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖਣ ਨਾਲ ਜਿਥੇ ਦੁਕਾਨਦਾਰਾਂ ਦਾ ਕੰਮਕਾਰ ਪ੍ਰਭਾਵਿਤ ਹੁੰਦਾ ਹੈ ਉਥੇ ਲੋਕਾਂ ਨੂੰ ਵੀ ਪਰੇਸ਼ਾਨੀ ਝੱਲਣੀ ਪੈਂਦੀ ਹੈ।
- ਚੌਕਾਂ-ਚੌਰਾਹਿਆਂ ’ਤੇ ਪੁਲਿਸ ਨੇ ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ
ਉਧਰ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਪੰਕਜ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਅਤੇ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਸਐੱਚਓ ਵਰਿੰਦਰ ਚੌਧਰੀ ਸਮੇਤ ਪੁਲਿਸ ਪਾਰਟੀ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਵਾਏ ਗਏ। ਇਸ ਮੌਕੇ ਨਵਾਂਸ਼ਹਿਰ ਦੇ ਚੌਕਾਂ-ਚੌਰਾਹਿਆਂ ਤੇ ਪੁਲਿਸ ਵੱਲੋਂ ਪੂਰੀ ਮੁਸ਼ਤੈਦੀ ਨਾਲ ਡਿਊਟੀ ਨਿਭਾਈ ਗਈ। ਪੁਲਿਸ ਨੇ ਕਿਹਾ ਕਿ ਜੇਕਰ ਇਲਾਕੇ ਵਿਚ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਸਾਮਾਨ ਨਜ਼ਰ ਆਉਂਦਾ ਹੈ ਤਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਪਹਿਲਾਂ ਰੋਕਿਆ ਜਾ ਸਕੇ।