ਸਰਕਾਰਾਂ ਦੀਆਂ ਨੀਤੀਆਂ ਤੋਂ ਜਨਤਾ ਪਰੇਸ਼ਾਨ : ਰਾਣਾ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਜਨਤਾ ਪਰੇਸ਼ਾਨ-ਰਾਣਾ
Publish Date: Fri, 23 Oct 2026 05:54 PM (IST)
Updated Date: Fri, 23 Oct 2026 05:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ : ਦੇਸ਼ ਅਤੇ ਸੂਬੇ ਅੰਦਰ ਕੰਮ ਕਰ ਰਹੀਆਂ ਸਿਆਸੀ ਧਿਰਾਂ ਵਿਚ ਨਿਸ਼ਕਾਮ ਲੋਕ ਸੇਵਾ ਦੀ ਘਾਟ ਸਾਫ਼ ਨਜ਼ਰ ਆ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਰੱਤੇਵਾਲ ਵਿਖੇ ਜਥੇਬੰਦੀ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦੀਆਂ ਰਾਜਨੀਤਕ ਪਾਰਟੀਆਂ ਵਿਚ ਵਿਚਾਰਧਾਰਾ ਅਤੇ ਜਮਹੂਰੀਅਤ (ਲੋਕਤੰਤਰ) ਦੀ ਭਾਰੀ ਘਾਟ ਆ ਚੁੱਕੀ ਹੈ, ਜਿਸ ਕਾਰਨ ਇਹ ਪਾਰਟੀਆਂ ਲੋਕ ਸੇਵਾ ਦਾ ਜ਼ਰੀਆ ਬਣਨ ਦੀ ਬਜਾਏ ਕੰਪਨੀਆਂ ਦੀ ਸ਼ਕਲ ਅਖ਼ਤਿਆਰ ਕਰ ਗਈਆਂ ਹਨ। ਇਨ੍ਹਾਂ ਸੱਤਾਧਾਰੀ ਪਾਰਟੀਆਂ ਦਾ ਮੁੱਖ ਮਕਸਦ ਸਿਰਫ਼ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਰਕਾਰੀ ਸ਼ਕਤੀ ਦੀ ਵਰਤੋਂ ਕਰਕੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਲੁੱਟ ਕਰਨਾ ਰਹਿ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਆਮ ਜਨਤਾ ਬੇਹੱਦ ਦੁਖੀ ਅਤੇ ਪਰੇਸ਼ਾਨ ਹੈ। ਜਿਸ ਕਰਕੇ ਰਾਜਨੀਤਿਕ ਪਾਰਟੀਆਂ ਦੀ ਲੋਕਾਂ ਵਿਚ ਭਰੋਸੇ ਯੋਗਤਾ ਲਗਾਤਾਰ ਡਿੱਗ ਰਹੀ ਹੈ। ਉਨ੍ਹਾਂ ਚੋਣ ਪ੍ਰਕਿਰਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਤੇ ਵੋਟਰ ਲਿਸਟਾਂ ਅਤੇ ਈਵੀਐੱਮ ਮਸ਼ੀਨਾਂ ਰਾਹੀਂ ਘਪਲੇਬਾਜ਼ੀ ਕਰਕੇ ਸੱਤਾਧਾਰੀ ਧਿਰ ਨੂੰ ਫ਼ਾਇਦਾ ਪਹੁੰਚਾਉਣ ਦੇ ਗੰਭੀਰ ਇਲਜ਼ਾਮ ਲੱਗ ਚੁੱਕੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਚੋਣ ਕਮਿਸ਼ਨ ਇਸ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਰਿਹਾ। ਜਦੋਂ ਲੋਕ ਅਤੇ ਵਿਰੋਧੀ ਧਿਰਾਂ ਇਨਸਾਫ਼ ਲਈ ਸੜਕਾਂ ਤੇ ਉਤਰਦੀਆਂ ਹਨ ਤਾਂ ਸਰਕਾਰਾਂ ਪੁਲਿਸ ਅਤੇ ਪ੍ਰਸ਼ਾਸਨ ਰਾਹੀਂ ਉਨ੍ਹਾਂ ਤੇ ਤਸ਼ੱਦਦ ਅਤੇ ਜ਼ਬਰ ਢਾਹੁੰਦੀਆਂ ਹਨ। ਦੇਸ਼ ਦੇ ਨਾਗਰਿਕਾਂ ਵਿਚੋਂ ਸਰਕਾਰ ਦਾ ਇਕਬਾਲ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਮਹਿੰਗਾਈ, ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਆਪਣੇ ਚਰਮ ਸੀਮਾ ਤੇ ਪਹੁੰਚ ਚੁੱਕੇ ਹਨ। ਪੰਜਾਬ ਦੇ ਹਾਲਾਤਾਂ ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਸੂਬਾ ਅੰਦਰ ਕਈ ਵੱਡੀਆਂ ਸਮੱਸਿਆਵਾਂ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਮਾਰੂ ਨਸ਼ਿਆਂ ਨੇ ਨੌਜਵਾਨ ਪੀੜ੍ਹੀ ਨੂੰ ਤਬਾਹ ਕਰ ਕੁਦਰਤੀ ਸਰੋਤਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨਾਲ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰੀ ਵਿਦਿਆ ਅਤੇ ਸਿਹਤ ਸੇਵਾਵਾਂ ਵਿਚ ਲਗਾਤਾਰ ਕਮੀ ਆ ਰਹੀ ਹੈ। ਪੁਲਿਸ ਦੀ ਧੱਕੇਸ਼ਾਹੀ, ਗੈਂਗਵਾਦ ਦਾ ਕਹਿਰ, ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਤੇਜ਼ੀ ਨਾਲ ਵਧ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰਾਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਅਤੇ ਵੱਡੇ ਪੱਧਰ ਤੇ ਸਰਕਾਰੀ/ਨਿੱਜੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਕਰਕੇ ਵੋਟਾਂ ਬਟੋਰਨ ਦੀ ਰਾਜਨੀਤੀ ਕਰ ਰਹੀਆਂ ਹਨ। ਪਰ ਹੁਣ ਲੋਕ ਇਨ੍ਹਾਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ। ਕਰਨ ਸਿੰਘ ਰਾਣਾ ਨੇ ਕਿਹਾ ਕਿ ਲੋਕਾਂ ਵਿਚ ਆਪਣੇ ਹੱਕਾਂ ਪ੍ਰਤੀ ਚੇਤਨਾ ਅਤੇ ਜਾਗਰੂਕਤਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਕਿਰਤੀ ਵਰਗ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ ਤੇ ਅੰਦੋਲਨ ਕਰ ਰਹੇ ਹਨ, ਜਿਸ ਦੇ ਹਾਂ ਪੱਖੀ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੋਟ ਬਟੋਰੂ ਰਾਜਨੀਤਿਕ ਧਿਰਾਂ ਤੋਂ ਚੌਕਸ ਰਹਿ ਕੇ, ਚੱਲ ਰਹੇ ਜਨਤਕ ਸੰਘਰਸ਼ਾਂ ਦਾ ਹਿੱਸਾ ਬਣਨ। ਇਸ ਮੌਕੇ ਕਰਨੈਲ ਸਿੰਘ ਭੱਲਾ, ਰਮੇਸ਼ ਬਾਂਠ, ਮੋਹਨ ਚੰਦ, ਜਗਤਾਰ ਜਗਤੇਵਾਲ, ਸਤਪਾਲ, ਜੋਗਿੰਦਰਪਾਲ, ਮਨੋਹਰ ਲਾਲ ਤੇ ਹੋਰ ਹਾਜਰ ਸਨ।