
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੀਐੱਸਐਮਐੱਸਯੂ ਕਾਮੇ ਅੱਜ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਸੌਰਭ ਦਾਸ ਦੇ ਪੁਤਲੇ ਫੂਕਣਗੇ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਨਾਲ ਕੀਤੀ ਮੀਟਿੰਗ ਅਨੁਸਾਰ ਸਮੂਹ ਪੀਐੱਸਐੱਮਐੱਸਯੂ ਕਾਮੇ ਅੱਜ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਸੌਰਭ ਦਾਸ ਦੇ ਪੁਤਲੇ ਫੂਕੇ ਜਾਣਗੇ। ਅਜੇ ਕੁਮਾਰ ਨੇ ਦੱਸਿਆ ਕਿ 26 ਅਗਸਤ ਤੱਕ ਕਲਮ ਛੋੜ ਤੇ ਕੰਪਿਊਟਰ ਬੰਦ ਹੜਤਾਲ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ 27 ਨੂੰ ਪੰਜਾਬ ਮਹਾਂਬੰਦ ਦੌਰਾਨ ਸਮੂਹਿਕ ਛੁੱਟੀ ਲੈ ਕੇ ਦਫਤਰ ਬੰਦ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਾਰੇ ਸਰਕਾਰੀ ਦਫਤਰਾਂ ਵਿਚ ਜਾ ਕੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਮੀਟਿੰਗ ਕਰਕੇ ਇਸ ਸੰਘਰਸ਼ ਵਿਚ ਸਾਥ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ। ਅਜੇ ਕੁਮਾਰ ਨੇ ਦੱਸਿਆ ਕਿ ਸੂਬਾ ਪ੍ਰਧਾਨ ਤੇ ਜਨਰਲ ਸਕੱਤਰ ਨਾਲ ਹੋਈ ਮੀਟਿੰਗ ਵਿਚ 17 ਅਗਸਤ ਤੋਂ ਸ਼ੁਰੂ ਹੋਈ ਕਲਮ ਛੋੜ ਹੜਤਾਲ ਤੇ ਕੰਪਿਊਟਰ ਬੰਦ ਹੜਤਾਲ ਨੂੰ ਰਿਵਿਊ ਕੀਤਾ ਗਿਆ ਤੇ ਅਗਲੀ ਵਿਉਂਤਬੰਦੀ ਲਈ ਵਿਚਾਰ ਲਏ। ਸਮੁੱਚੀ ਲੀਡਰਸ਼ਿਪ ਵੱਲੋਂ ਇਸ ਕਲਮ ਛੋੜ ਹੜਤਾਲ ਤੇ ਕੰਪਿਊਟਰ ਬੰਦ ਹੜਤਾਲ ਨੂੰ 26 ਅਗਸਤ ਤੱਕ ਵਧਾਉਣ ਤੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਦਫਤਰਾਂ ਨੂੰ ਕੁੰਡੇ ਲਾਉਣ ਦਾ ਸੁਝਾਅ ਦਿੱਤਾ ਗਿਆ।
ਸੂਬਾ ਪ੍ਰਧਾਨ ਨੇ ਦੱਸਿਆ ਕਿ ਕਾਕਰੋਚ ਪਾਰਟੀ ਦੇ ਸੌਰਭ ਦਾਸ ਵੱਲੋਂ ਡੀਏ ਸਬੰਧੀ ਦਿੱਤੇ ਗਏ ਫੈਸਲੇ ’ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕਾਰਜਪ੍ਰਣਾਲੀ ਤੇ ਜੋ ਉਸ ਵੱਲੋਂ ਸਵਾਲ ਉਠਾਏ ਗਏ ਹਨ ਤੇ ਉਸ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੱਲੋਂ ਟੈਗ ਕੀਤਾ ਗਿਆ ਹੈ, ਇਸ ਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਕਰਦਿਆਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਦੋਵੇਂ ਪਾਰਟੀਆਂ ਮਾਨਯੋਗ ਉੱਚ ਅਦਾਲਤ ਦੇ ਮੁਲਾਜ਼ਮ ਹੱਕਾਂ ਸਬੰਧੀ ਕੀਤੇ ਸਹੀ ਹੁਕਮਾਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ ਹਨ। ਇਸ ਕਾਰਨ ਇਹ ਲੋਕ ਮਾਨਯੋਗ ਉੱਚ ਅਦਾਲਤ ਦੀ ਛਵੀ ਖਰਾਬ ਕਰਨ ’ਤੇ ਉੱਤਰ ਆਏ ਹਨ। ਅਸੀਂ ਮਾਨਯੋਗ ਉੱਚ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਉਹ ਸੂਓ-ਮੋਟੋ ਅਦਾਲਤ ਦੀ ਮਾਨਹਾਨੀ ਕਰਨ ਦਾ ਗੰਭੀਰ ਨੋਟਿਸ ਲਵੇ।
ਅਖੀਰ ਵਿਚ ਜਥੇਬੰਦੀ ਨੇ ਪੁਲਿਸ ਪ੍ਰਸ਼ਾਸਨ ਦੇ ਅਫ਼ਸਰਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਅਗਾਹ ਕੀਤਾ ਹੈ ਕਿ ਉਹ ਸਰਕਾਰਾਂ ਪਿੱਛੇ ਲੱਗ ਕੇ ਆਪਣੇ ਮੁਲਾਜ਼ਮ ਭਰਾਵਾਂ ’ਤੇ ਜੁਲਮ ਢਾਹੁਣਾ ਬੰਦ ਕਰਨ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਹਨ ਤੇ ਇਸ ਸਰਕਾਰ ਦਾ ਜਾਣਾ ਵੀ ਸੌ ਫੀਸਦੀ ਤਹਿ ਹੈ। ਇਸ ਲਈ ਉਹ ਆਪਣੇ ਹੱਥਾਂ ’ਚ ਫੜੇ ਹਥਿਆਰਾਂ ਤੇ ਡਾਂਗਾਂ ’ਤੇ ਕੰਟਰੋਲ ਕਰਨ ਨਹੀਂ ਤਾਂ ਅਗਲੇ ਐਕਸ਼ਨ ਪੁਲਿਸ ਪ੍ਰਸ਼ਾਸਨ ਵਿਰੁੱਧ ਵੀ ਕੀਤੇ ਜਾਣਗੇ। ਭਾਵੇਂ ਕਿ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਦੇ ਹਰ ਜੁਲਮ ਨੂੰ ਸ਼ਾਂਤਮਈ ਰਹਿ ਕੇ ਸਹਿਣ ਕਰਨਗੇ। ਇਸ ਮੌਕੇ ਗੁਲਸ਼ਨ ਕੁਮਾਰ ਚੇਅਰਮੈਨ ਸਿਹਤ ਵਿਭਾਗ, ਗੁਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸਿਹਤ ਵਿਭਾਗ, ਸੁਰਿੰਦਰ ਪਾਲ ਦਰਜਾ ਚਾਰ ਯੂਨੀਅਨ ਦੇ ਅਹੁਦੇਦਾਰ ਆਦਿ ਹਾਜ਼ਰ ਸਨ।