ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਦੇ ਆਗੂਆਂ ਨੇ ਲਗਾਇਆ ਧਰਨਾ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਪਿੰਡ ਖਟਕੜ ਕਲਾਂ ਵਿਖੇ ਲਗਾਇਆ ਧਰਨਾ
Publish Date: Fri, 21 Aug 2026 04:09 PM (IST)
Updated Date: Fri, 21 Aug 2026 04:12 PM (IST)
- ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਇਕ ਡਾ. ਐੱਸਕੇ ਸੁੱਖੀ ਨੂੰ ਦਿੱਤਾ ਮੰਗ ਪੱਤਰ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੰਦਿਆਂ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹ ਇੱਥੇ ਧਰਨਾ ਦੇਣ ਦੇ ਨਾਲ-ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੀ ਮਸ਼ਾਲ ਮਾਰਚ ਦੇ ਭਰਵੇਂ ਸਵਾਗਤ ਦੌਰਾਨ ਬੰਗਾ ਵਿਧਾਇਕ ਡਾ. ਐੱਸਕੇ ਸੁੱਖੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਜਿਸ ਤਰ੍ਹਾਂ ਸਾਡਾ ਖੂਨ ਚੂਸਦੀਆਂ ਰਹੀਆਂ, ਉਸੇ ਤਰ੍ਹਾਂ ਖੂਨ ਚੂਸਣਾ ਮੌਜੂਦਾ ਪੰਜਾਬ ਸਰਕਾਰ ਨੇ ਵੀ ਜਾਰੀ ਰੱਖਿਆ ਹੈ। ਮਨਿੰਦਰ ਬਾਠ ਨੇ ਸਾਥੀ ਮੁਲਾਜ਼ਮਾਂ ਨਾਲ ਸਰਕਾਰ ਨੂੰ ਸਿੱਧਾ ਲਲਕਾਰਦੇ ਹੋਏ ਕਿਹਾ ਕਿ ਅਗਰ 1 ਸਤੰਬਰ ਤੱਕ ਪੰਜਾਬ ਸਰਕਾਰ ਨੇ ਸਾਨੂੰ ਸਾਡੇ ਹੱਕ ਦਿੰਦੇ ਹੋਏ, ਇਸ ਸਬੰਧੀ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਤਾਂ ਜ਼ਿਲ੍ਹੇ ਦੇ ਸਾਰੇ ਮੁਲਾਜਮ ਇਸੇ ਸਥਾਨ ’ਤੇ 1 ਸਤੰਬਰ ਨੂੰ ਆਪਣਾ ਖੂਨ ਕੱਢ ਕੇ ਬੋਤਲਾਂ ਵਿਚ ਪਾ ਕੇ ਮੌਜੂਦਾ ਪੰਜਾਬ ਸਰਕਾਰ ਨੂੰ ਚੂਸਣ ਅਤੇ ਪੀਣ ਲਈ ਭੇਜਣਗੇ। ਉਨ੍ਹਾਂ ਦੱਸਿਆ ਇਕ ਇਸ ਦੇ ਨਾਲ ਇੱਕ ਪੱਤਰ ਭੇਜਣਗੇ ਕਿ ਜਿਸ ’ਚ ਲਿਖਿਆ ਹੋਵੇਗਾ ਕਿ ‘ਸਾਡਾ ਖੂਨ ਪੀਓ ਤੇ ਸਾਨੂੰ ਸਾਡੇ ਹੱਕ ਦਿਓ’ ਕਿਉਂਕਿ ਸਾਡੇ ਵਿਚ ਇਹ ਖੂਨ ਸ਼ਹੀਦ ਸਰਦਾਰ ਭਗਤ ਸਿੰਘ ਦੀਆਂ ਰਗਾਂ ਦਾ ਖੂਨ ਹੈ, ਸ਼ਾਇਦ ਇਹ ਖੂਨ ਪੀ ਕੇ ਇਹ ਝੂਠੀ ਗੂੰਗੀ ਬੋਲੀ ਮੌਜੂਦਾ ਸਰਕਾਰ ਜਾਗ ਉੱਠੇ ਤੇ ਉਹ ਹਰਾ ਪੈੱਨ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੀਆਂ ਮੰਗਾਂ ਲਈ ਚੱਲ ਸਕੇ। ਇਸ ਮੌਕੇ ਅਰੁਣ, ਸ਼ਿਵ ਕੁਮਾਰ, ਨਰੇਸ਼ ਕੁਮਾਰ, ਅਸ਼ਵਨੀ ਕੁਮਾਰ, ਡਾ. ਦਲਜੀਤ, ਡਾ. ਰਾਜ ਕੁਮਾਰ, ਡਾ. ਕੁਲਵਰਨ, ਡਾ. ਹਰਦੀਪ ਕੌਰ, ਸੋਨੀਆ ਰਾਣੀ, ਮਨਪ੍ਰੀਤ ਕੌਰ, ਸੁਰੇਖਾ ਰਾਣੀ, ਅਮਨਦੀਪ ਕੌਰ, ਅਨੁਪਮਾ ਰਾਣੀ, ਵੰਦਨਾ ਠਾਕੁਰ, ਜੋਤੀ ਅਤੇ ਹੋਰ ਕਰਮਚਾਰੀ ਹਾਜ਼ਰ ਸਨ।