ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤਾ ਕਿਸਾਨ ਵਿਰੋਧੀ
ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤਾ ਕਿਸਾਨ ਵਿਰੋਧੀ-ਅਜੇ ਮੰਗੂਪੁਰ
Publish Date: Fri, 13 Feb 2026 07:03 PM (IST)
Updated Date: Sat, 14 Feb 2026 04:12 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਕੜੀ ਆਲੋਚਨਾ ਕਰਦਿਆਂ ਇਸ ਨੂੰ ਕਿਸਾਨ ਵਿਰੋਧੀ ਅਤੇ ਪੰਜਾਬ ਅਤੇ ਦੇਸ਼ ਦੀ ਖੇਤੀਬਾੜੀ ਅਰਥਵਿਵਸਥਾ ਲਈ ਗੰਭੀਰ ਖਤਰਾ ਕਰਾਰ ਦਿੱਤਾ। ਅਜੇ ਮੰਗੂਪੁਰ ਨੇ ਕਿਹਾ ਕਿ ਅਮਰੀਕਾ ਤੋਂ ਸਬਸਿਡੀ ਪ੍ਰਾਪਤ ਖੇਤੀ ਉਤਪਾਦਾਂ ਦੀ ਵਧੀ ਹੋਈ ਆਯਾਤ ਦੀ ਇਜਾਜ਼ਤ ਦੇਣ ਵਾਲਾ ਕੋਈ ਵੀ ਸਮਝੌਤਾ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਵੇਗਾ। ਕਿਉਂਕਿ ਅਮਰੀਕੀ ਕਿਸਾਨਾਂ ਨੂੰ ਵੱਡੇ ਪੱਧਰ ਤੇ ਸਰਕਾਰੀ ਸਬਸਿਡੀਆਂ, ਆਧੁਨਿਕ ਸਹੂਲਤਾਂ ਅਤੇ ਪੱਕੀ ਮਾਰਕੀਟ ਸੁਰੱਖਿਆ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ“ਸਾਡੇ ਕਿਸਾਨ ਪਹਿਲਾਂ ਹੀ ਵਧ ਰਹੀਆਂ ਲਾਗਤਾਂ, ਐਮਐਸਪੀ ਦੇ ਸੀਮਿਤ ਵਿਸਥਾਰ ਅਤੇ ਵਧਦੇ ਕਰਜ਼ੇ ਦੇ ਬੋਝ ਹੇਠ ਹਨ। ਉਹ ਅਮਰੀਕਾ ਦੀ ਭਾਰੀ ਸਬਸਿਡੀ ਵਾਲੀ ਖੇਤੀ ਨਾਲ ਮੁਕਾਬਲਾ ਨਹੀਂ ਕਰ ਸਕਦੇ। ਇਸ ਤਰ੍ਹਾਂ ਦਾ ਸਮਝੌਤਾ ਪੰਜਾਬ ਦੀ ਖੇਤੀਬਾੜੀ ਅਰਥ ਵਿਵਸਥਾ ਨੂੰ ਤਬਾਹ ਕਰ ਦੇਵੇਗਾ ਅਤੇ ਕਿਸਾਨਾਂ ਨੂੰ ਹੋਰ ਵੱਡੇ ਆਰਥਿਕ ਸੰਕਟ ਵੱਲ ਧੱਕੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮੱਕੀ, ਸੋਇਆਬੀਨ, ਡੇਅਰੀ ਉਤਪਾਦ ਅਤੇ ਹੋਰ ਖੇਤੀਬਾੜੀ ਵਸਤੂਆਂ ਦੀ ਸਸਤੀ ਆਯਾਤ ਲਈ ਭਾਰਤੀ ਬਾਜ਼ਾਰ ਖੋਲ੍ਹਣ ਨਾਲ ਦੇਸ਼ ਦੇ ਅੰਦਰੂਨੀ ਭਾਅ ਡਿੱਗ ਜਾਣਗੇ। ਜਿਸ ਨਾਲ ਲੱਖਾਂ ਕਿਸਾਨਾਂ ਦੀ ਆਮਦਨ ਅਤੇ ਰੋਜ਼ੀ-ਰੋਟੀ ਨੂੰ ਸਿੱਧਾ ਨੁਕਸਾਨ ਹੋਵੇਗਾ। ਅਜੇ ਮੰਗੂਪੁਰ ਨੇ ਇਹ ਵੀ ਚਿੰਤਾ ਜਤਾਈ ਕਿ ਇਹ ਸਮਝੌਤਾ ਹੌਲੀ ਹੌਲੀ ਭਾਰਤ ਦੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਪ੍ਰਣਾਲੀ ਅਤੇ ਸਰਕਾਰੀ ਖਰੀਦ ਮਕੈਨਿਜ਼ਮ ਨੂੰ ਕਮਜ਼ੋਰ ਕਰ ਸਕਦਾ ਹੈ, ਜੋ ਪੰਜਾਬ ਦੀ ਪੇਂਡੂ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਇਸ ਪ੍ਰਸਤਾਵਿਤ ਸਮਝੌਤੇ ਦੇ ਸਾਰੇ ਵੇਰਵੇ ਜਨਤਕ ਕਰੇ ਅਤੇ ਕਿਸਾਨ ਜਥੇਬੰਦੀਆਂ ਅਤੇ ਸੂਬਾ ਸਰਕਾਰਾਂ ਨਾਲ ਵਿਸਤ੍ਰਿਤ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਕਿਸਾਨਾਂ ਦੀ ਰੋਜ਼ੀ-ਰੋਟੀ ਨਾਲ ਸੰਬੰਧਿਤ ਕੋਈ ਵੀ ਸਮਝੌਤਾ ਸਾਈਨ ਕਰੇ। ਅਜੇ ਮੰਗੂਪੁਰ ਨੇ ਦੁਹਰਾਇਆ ਕਿ ਕਾਂਗਰਸ ਪਾਰਟੀ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਕਿਸੇ ਵੀ ਅਜੇਹੇ ਵਪਾਰ ਸਮਝੌਤੇ ਦਾ ਡਟ ਕੇ ਵਿਰੋਧ ਕਰੇਗੀ। ਜੋ ਭਾਰਤ ਦੀ ਖਾਦ ਸੁਰੱਖਿਆ ਨੂੰ ਨੁਕਸਾਨ ਪਹੁੰਚਾਏ, ਐਮਐਸਪੀ ਪ੍ਰਣਾਲੀ ਨੂੰ ਕਮਜ਼ੋਰ ਕਰੇ ਜਾਂ ਕਿਸਾਨਾਂ ਦੇ ਆਰਥਿਕ ਹਿੱਤਾਂ ਨੂੰ ਹਾਨੀ ਪਹੁੰਚਾਏ। ਇਸ ਮੌਕੇ ਬਲਵਿੰਦਰ ਭੂੰਬਲਾ ਮੀਤ ਪ੍ਰਧਾਨ ਅਤੇ ਹੋਰ ਸਾਥੀ ਵੀ ਹਾਜ਼ਰ ਸਨ।