ਪਹਿਲੇ 28 ਦਿਨ ਦੀ ਸਹੀ ਦੇਖਭਾਲ ਹੀ ਨਵਜੰਮੇ ਦੀ ਸਿਹਤਮੰਦ ਜ਼ਿੰਦਗੀ ਦੀ ਨੀਂਹ : ਸਿਵਲ ਸਰਜਨ ਪਹਿਲੇ 28 ਦਿਨ ਦੀ ਸਹੀ ਦੇਖਭਾਲ ਹੀ ਨਵਜੰਮੇ ਦੀ ਸਿਹਤਮੰਦ ਜ਼ਿੰਦਗੀ ਦੀ ਨੀਂਹ-ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ
Publish Date: Sun, 15 Nov 2026 05:54 PM (IST)
Updated Date: Mon, 16 Nov 2026 04:01 AM (IST)
ਰਾਸ਼ਟਰੀ ਨਵਜੰਮੇ ਬੱਚਿਆਂ ਦੀ ਦੇਖਭਾਲ ਹਫ਼ਤਾ 15 ਨਵੰਬਰ ਤੋਂ, ਮਾਪਿਆਂ ਨੂੰ ਜਾਗਰੂਕ ਰਹਿਣ ਦੀ ਅਪੀਲ, ਮਾਂ ਦਾ ਪਹਿਲਾ ਗਾੜ੍ਹਾ ਪੀਲਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ 15 ਤੋਂ 21 ਨਵੰਬਰ 2026 ਤੱਕ ਰਾਸ਼ਟਰੀ ਨਵਜੰਮੇ ਬੱਚਿਆਂ ਦੀ ਦੇਖਭਾਲ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਬੱਚੇ ਦੀ ਜ਼ਿੰਦਗੀ ਦੇ ਪਹਿਲੇ 28 ਦਿਨ ਉਸ ਦੇ ਸਰੀਰਕ ਤੇ ਮਾਨਸਿਕ ਵਿਕਾਸ ਅਤੇ ਜਾਨ ਦੀ ਸੁਰੱਖਿਆ ਪੱਖੋਂ ਸਭ ਤੋਂ ਨਾਜ਼ੁਕ ਹੁੰਦੇ ਹਨ। ਇਸ ਦੌਰਾਨ ਸਹੀ ਦੇਖਭਾਲ, ਪੌਸ਼ਟਿਕ ਖੁਰਾਕ, ਸਾਫ਼-ਸਫ਼ਾਈ ਅਤੇ ਸਮੇਂ ਸਿਰ ਸਿਹਤ ਜਾਂਚ ਬੱਚੇ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜਨਮ ਤੋਂ ਹੀ ਬੱਚੇ ਦੀ ਸਿਹਤ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ ਅਤੇ ਕਿਸੇ ਵੀ ਸਮੱਸਿਆ ਨੂੰ ਅਣਗੌਲਿਆ ਨਾ ਕੀਤਾ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਜਨਮ ਤੋਂ ਬਾਅਦ ਮਾਂ ਦਾ ਪਹਿਲਾ ਗਾੜ੍ਹਾ ਪੀਲਾ ਦੁੱਧ (ਕੋਲੋਸਟ੍ਰਮ) ਬੱਚੇ ਲਈ ਕੁਦਰਤੀ ਅੰਮ੍ਰਿਤ ਹੈ, ਜੋ ਉਸ ਨੂੰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਇਸ ਲਈ ਜਨਮ ਦੇ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕੀਤਾ ਜਾਵੇ ਅਤੇ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਦਿੱਤਾ ਜਾਵੇ। ਇਸ ਦੌਰਾਨ ਪਾਣੀ, ਸ਼ਹਿਦ, ਘੁੱਟੀ, ਡੱਬੇ ਦਾ ਦੁੱਧ ਜਾਂ ਕੋਈ ਹੋਰ ਬਾਹਰੀ ਚੀਜ਼ ਦੇਣ ਦੀ ਲੋੜ ਨਹੀਂ ਹੁੰਦੀ ਛੇ ਮਹੀਨੇ ਪੂਰੇ ਹੋਣ ਤੇ ਮਾਂ ਦੇ ਦੁੱਧ ਦੇ ਨਾਲ ਪੂਰਕ ਖੁਰਾਕ ਸ਼ੁਰੂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਨਵਜੰਮੇ ਬੱਚੇ ਨੂੰ ਠੰਢ ਤੋਂ ਬਚਾਉਣ ਲਈ ਉਚਿਤ ਨਿੱਘਾ ਰੱਖਣਾ ਅਤੇ ਮਾਂ ਦੀ ਚਮੜੀ ਨਾਲ ਚਮੜੀ ਦਾ ਸੰਪਰਕ (ਕੰਗਾਰੂ ਮਦਰ ਕੇਅਰ) ਕਰਵਾਉਣਾ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ ਘੱਟ ਵਜ਼ਨ ਵਾਲੇ ਬੱਚਿਆਂ ਲਈ। ਜਨਮ ਤੋਂ ਘੱਟੋ-ਘੱਟ 24 ਘੰਟੇ ਤੱਕ ਬੱਚੇ ਨੂੰ ਨਹਾਇਆ ਨਾ ਜਾਵੇ, ਸਾਫ਼-ਸੁਥਰੇ ਕੱਪੜੇ ਪਹਿਨਾਏ ਜਾਣ ਅਤੇ ਨਾਭੀ ਨੂੰ ਸਾਫ਼ ਤੇ ਸੁੱਕਾ ਰੱਖਿਆ ਜਾਵੇ। ਨਾਭੀ ਤੇ ਤੇਲ, ਸੁਰਮਾ, ਗੋਹਾ ਜਾਂ ਕੋਈ ਹੋਰ ਘਰੇਲੂ ਚੀਜ਼ ਨਾ ਲਗਾਈ ਜਾਵੇ। ਨਾਲ ਹੀ ਬੱਚੇ ਨੂੰ ਬੇਲੋੜੀਆਂ ਦਵਾਈਆਂ ਜਾਂ ਘਰੇਲੂ ਨੁਸਖ਼ੇ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਜੇਕਰ ਬੱਚਾ ਦੁੱਧ ਨਾ ਪੀਵੇ, ਸਾਹ ਲੈਣ ਵਿੱਚ ਤਕਲੀਫ਼ ਹੋਵੇ ਜਾਂ ਸਾਹ ਤੇਜ਼ ਚੱਲੇ, ਬਹੁਤ ਸੁਸਤ ਰਹੇ, ਬੁਖ਼ਾਰ ਹੋਵੇ, ਸਰੀਰ ਠੰਢਾ ਪੈ ਜਾਵੇ, ਦੌਰੇ ਪੈਣ, ਚਮੜੀ ਜਾਂ ਅੱਖਾਂ ਪੀਲੀਆਂ ਹੋਣ ਜਾਂ ਨਾਭੀ ਵਿੱਚੋਂ ਪਸ ਆਵੇ, ਤਾਂ ਬਿਨਾਂ ਦੇਰੀ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਡਾਕਟਰੀ ਸਲਾਹ ਲਈ ਜਾਵੇ। ਸਮੇਂ ਸਿਰ ਇਲਾਜ ਨਵਜੰਮੇ ਬੱਚੇ ਦੀ ਜਾਨ ਬਚਾ ਸਕਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ ਅਧੀਨ ਜਨਮ ਸਮੇਂ ਲੋੜੀਂਦੀ ਦੇਖਭਾਲ ਤੇ ਇਲਾਜ, ਜਨਮ ਦੀਆਂ ਖ਼ੁਰਾਕਾਂ ਸਮੇਤ ਸਾਰੇ ਟੀਕੇ, ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਨਵਜੰਮੇ ਬੱਚਿਆਂ ਦੀ ਜਾਂਚ (ਹੋਮ ਬੇਸਡ ਨਿਊਬੌਰਨ ਕੇਅਰ) ਅਤੇ ਗੰਭੀਰ ਬਿਮਾਰ ਬੱਚਿਆਂ ਲਈ ਵਿਸ਼ੇਸ਼ ਇਲਾਜ ਤੇ ਲੋੜ ਪੈਣ ਤੇ ਐਂਬੂਲੈਂਸ ਸੇਵਾ (108) ਮੁਫ਼ਤ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਹਰ ਬੱਚੇ ਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਅਤੇ ਨਿਯਮਿਤ ਸਿਹਤ ਜਾਂਚ ਯਕੀਨੀ ਬਣਾਉਣਾ ਮਾਪਿਆਂ ਦੀ ਅਹਿਮ ਜ਼ਿੰਮੇਵਾਰੀ ਹੈ। ਨਾਲ ਹੀ ਜਣੇਪਾ ਸਿਰਫ਼ ਸਰਕਾਰੀ ਸਿਹਤ ਸੰਸਥਾ ਜਾਂ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਡਾ. ਗੀਤਾਂਜਲੀ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਵਜੰਮੇ ਬੱਚਿਆਂ ਦੀ ਦੇਖਭਾਲ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸਮੱਸਿਆ ਦੀ ਸੂਰਤ ਵਿਚ ਤੁਰੰਤ ਡਾਕਟਰਾਂ ਨਾਲ ਸੰਪਰਕ ਕਰਨ।