ਪ੍ਰਿੰ. ਬਲਜਿੰਦਰ ਸਿੰਘ ਨੂੰ ਸੇਵਾ-ਮੁਕਤੀ ’ਤੇ ਕੀਤਾ ਸਨਮਾਨਿਤ
ਪ੍ਰਿੰ. ਬਲਜਿੰਦਰ ਸਿੰਘ ਨੂੰ ਸੇਵਾ ਮੁਕਤੀ ਤੇ ਕੀਤਾ ਸਨਮਾਨਿਤ
Publish Date: Thu, 02 Apr 2026 03:52 PM (IST)
Updated Date: Fri, 03 Apr 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰਾਹੋਂ ਵਿਖੇ ਲਗਭਗ ਪੌਣੇ 8 ਸਾਲ ਦੀਆਂ ਸੇਵਾਵਾਂ ਉਪਰੰਤ 31 ਮਾਰਚ 2026 ਨੂੰ ਪ੍ਰਿੰ. ਬਲਜਿੰਦਰ ਸਿੰਘ ਆਪਣੀਆਂ ਬੇਦਾਗ ਸੇਵਾਵਾਂ ਤੋਂ ਮੁਕਤ ਹੋਣ ਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਟਾਫ਼ ਮੈਂਬਰਾਂ ਨੇ ਦੱਸਿਆ ਕਿ ਪ੍ਰਿੰ. ਬਲਜਿੰਦਰ ਸਿੰਘ ਦਾ ਜਨਮ ਮਿਤੀ 2 ਮਾਰਚ 1968 ਨੂੰ ਮਾਤਾ ਗੁਰਚਰਨ ਕੌਰ ਦੀ ਕੁੱਖੋਂ ਅਤੇ ਪਿਤਾ ਰੁਲਦਾ ਸਿੰਘ ਦੇ ਘਰ ਪਿੰਡ ਪੱਦੀ ਸੂਰਾ ਸਿੰਘ ਵਿਖੇ ਹੋਇਆ। ਆਪ ਨੇ ਬੀਐੱਸਸੀ ਨਾਨ ਮੈਡੀਕਲ, ਬੀਐਡ ,ਐਮਐੱਸਸੀ ਮੈਥ ਅਤੇ ਐਮਐੱਸਪੀ ਫਿਜਿਕਸ ਦੀ ਉਚੇਰੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ ਰੀਤੂ ਮੋਹਿੰਦਰ ਕੌਰ ਨਾਲ ਮਿਤੀ 12 ਮਈ 2002 ਨੂੰ ਹੋਇਆ। ਆਪ ਦੇ ਘਰ ਬੇਟੀ ਅਰਸ਼ਦੀਪ ਅਤੇ ਬੇਟਾ ਅਨਮੋਲਦੀਪ ਸਿੰਘ ਨੇ ਜਨਮ ਲਿਆ। ਆਪ ਨੇ 20 ਜੁਲਾਈ 2018 ਤੋਂ 31 ਮਾਰਚ 2026 ਤੱਕ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੀਆਂ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਦਿੱਤੀਆਂ। ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਅਕਾਦਮਿਕ, ਸਹਿ-ਅਕਾਦਮਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਜ਼ਿਲ੍ਹਾ ਪੱਧਰ, ਰਾਜ ਪੱਧਰ, ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਸਕੂਲ ਦਾ ਨਾਮ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ। ਅਕਾਦਮਿਕ ਪੱਖੋਂ ਸੈਸ਼ਨ 2021-22, 2023-24 ਅਤੇ 2024-25 ਵਿਚ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਇਆ। ਸੈਸ਼ਨ 2023 -24 ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੀਆਂ ਨੂੰ ਪੰਜਾਬ ਵਿੱਚੋਂ ਉੱਤਮ ਸਕੂਲ ਪੁਰਸਕਾਰ ਅਵਾਰਡ ਨਾਲ ਸਨਮਾਨਿਤ ਕੀਤਾ ਅਤੇ 10 ਲੱਖ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ। 2024-25 ਵਿਚ ਸਕੂਲ ਪੀਐੱਮ ਸ਼੍ਰੀ ਸਕੂਲ ਵਜੋਂ ਚੁਣਿਆ ਗਿਆ ਅਤੇ 29 ਜੁਲਾਈ 2025 ਨੂੰ ਸਕੂਲ ਨੂੰ ਬੈਸਟ ਪੀਐੱਮ ਸ਼੍ਰੀ ਸਕੂਲ ਵਜੋਂ ਪੰਜਾਬ ਦੇ 23 ਸਕੂਲਾਂ ਦੀ ਸੂਚੀ ’ਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਨ ਵੀ ਹਾਜ਼ਰ ਸਨ।