ਨਸ਼ਿਆਂ ਵਿਰੁੱਧ ਪੁਲਿਸ-ਪਬਲਿਕ ਸੰਪਰਕ ਮੀਟਿੰਗ ਕਰਵਾਈ ਨਸ਼ਿਆਂ ਵਿਰੁੱਧ ਪੁਲਿਸ-ਪਬਲਿਕ ਸੰਪਰਕ ਮੀਟਿੰਗ ਕਰਵਾਈ
Publish Date: Sun, 11 Oct 2026 05:05 PM (IST)
Updated Date: Sun, 11 Oct 2026 05:05 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਬਲਾਚੌਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚੋਂ ਨਸ਼ਿਆਂ ਵਰਗੀ ਘਾਤਕ ਬੁਰਾਈ ਨੂੰ ਜੜ੍ਹੋਂ ਪੁੱਟਣ ਅਤੇ ਨੌਜਵਾਨ ਪੀੜ੍ਹੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਬਲਾਚੌਰ ਸਿਟੀ ਵਿਖੇ ਡੀਐੱਸਪੀ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ ਇੱਕ ਵਿਸ਼ੇਸ਼ ਪੁਲਿਸ-ਪਬਲਿਕ ਸੰਪਰਕ ਮੀਟਿੰਗ ਕੀਤੀ। ਇਸ ਸੰਪਰਕ ਮੀਟਿੰਗ ਦਾ ਮੁੱਖ ਉਦੇਸ਼ ਇਲਾਕੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਆਮ ਜਨਤਾ ਦੀ ਹਿੱਸੇਦਾਰੀ ਅਤੇ ਸਹਿਯੋਗ ਪ੍ਰਾਪਤ ਕਰਨਾ ਸੀ। ਮੀਟਿੰਗ ਦੌਰਾਨ ਡੀਐੱਸਪੀ ਹੇਮੰਤ ਮਲਹੋਤਰਾ ਅਤੇ ਪੁਲਿਸ ਟੀਮ ਨੇ ਸ਼ਹਿਰ ਦੇ ਪਤਵੰਤੇ ਸੱਜਣਾਂ ਨਾਲ ਖੁੱਲ੍ਹੇ ਮਨ ਨਾਲ ਗੱਲਬਾਤ ਕੀਤੀ। ਪੁਲਿਸ ਨੇ ਪਬਲਿਕ ਤੋਂ ਸੁਝਾਅ ਮੰਗੇ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ, ਨਸ਼ਾ ਵੇਚਣ ਵਾਲਿਆਂ ’ਤੇ ਨਕੇਲ ਕੱਸਣ ਅਤੇ ਗਲੀ-ਮੁਹੱਲਿਆਂ ਵਿਚ ਸੁਰੱਖਿਅਤ ਮਾਹੌਲ ਬਣਾਉਣ ਲਈ ਸਾਂਝੇ ਤੌਰ ਤੇ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਮੀਟਿੰਗ ਦੌਰਾਨ ਇਸ ਗੱਲ‘ਤੇ ਉਚੇਚਾ ਚਾਨਣਾ ਪਾਇਆ ਗਿਆ ਕਿ ਨਸ਼ਾ ਇੱਕ ਮਾਨਸਿਕ ਅਤੇ ਸਰੀਰਕ ਬਿਮਾਰੀ ਹੈ, ਨਾ ਕਿ ਸਿਰਫ਼ ਕੋਈ ਅਪਰਾਧ। ਨਸ਼ੇ ਦੀ ਗ੍ਰਿਫ਼ਤ ਵਿਚ ਆਏ ਨੌਜਵਾਨਾਂ ਨੂੰ ਧ੍ਰਿਕਾਰਨ ਦੀ ਬਜਾਏ, ਉਨ੍ਹਾਂ ਦਾ ਸਹੀ ਇਲਾਜ ਕਰਵਾ ਕੇ ਮੁੱਖ ਧਾਰਾ ਵਿਚ ਵਾਪਸ ਲਿਆਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਪੁਲਿਸ ਵੱਲੋਂ ਅਪੀਲ ਕੀਤੀ ਗਈ ਕਿ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ-ਵਸੇਬਾ ਕੇਂਦਰਾਂ ਵਿਚ ਭੇਜ ਕੇ ਇਸ ਬਿਮਾਰੀ ਤੋਂ ਮੁਕਤੀ ਦਿਵਾਈ ਜਾਵੇ, ਤਾਂ ਜੋ ਉਨ੍ਹਾਂ ਦਾ ਜੀਵਨ ਬਚਾਇਆ ਜਾ ਸਕੇ। ਇਸ ਮੀਟਿੰਗ ਵਿਚ ਬਲਾਚੌਰ ਸਿਟੀ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਮੁੱਖ ਸ਼ਹਿਰ ਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨੇ ਹਿੱਸਾ ਲਿਆ। ਡੀਐੱਸਪੀ ਹੇਮੰਤ ਮਲਹੋਤਰਾ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ। ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ। ਨਸ਼ੇ ਤੋਂ ਪੀੜਤ ਵਿਅਕਤੀਆਂ ਦੀ ਮਦਦ ਲਈ ਪੁਲਿਸ ਅਤੇ ਪ੍ਰਸ਼ਾਸਨ ਹਮੇਸ਼ਾ ਤਤਪਰ ਰਹੇਗਾ। ਡੀਐੱਸਪੀ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ।