ਭਾਸ਼ਾ ਵਿਭਾਗ ਵੱਲੋਂ ਨਾਟਕ ਦਾ ਮੰਚਨ ਕਰਵਾਇਆ ਭਾਸ਼ਾ ਵਿਭਾਗ ਵੱਲੋਂ ਨਾਟਕ ਦਾ ਮੰਚਨ ਕਰਵਾਇਆ
Publish Date: Tue, 03 Nov 2026 04:48 PM (IST)
Updated Date: Tue, 03 Nov 2026 04:50 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੰਜਾਬ ਸਰਕਾਰ ਦਾ ਅਦਾਰਾ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਉਪਰਾਲੇ ਕਰ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਸਾਲ ਵੀ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਦਫ਼ਤਰ ਪਟਿਆਲਾ ਅਤੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਨੇਕ ਤਰ੍ਹਾਂ ਦੇ ਸਮਾਗਮ ਉਲੀਕੇ ਗਏ ਹਨ। ਇਸੇ ਕੜੀ ਵਿਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਨਾਟਕ ਪੀੜੀ ਦਰ ਪੀੜੀ ਨਾਟਕ ਦਾ ਮੰਚਨ ਕਰਵਾਇਆ। ਇਹ ਨਾਟਕ ਸਾਰਥਕ ਰੰਗ ਮੰਚ ਪਟਿਆਲਾ ਦੀ ਪੇਸ਼ਕਾਰੀ ਹੈ। ਨਾਟਕ ਦੇ ਨਿਰਦੇਸ਼ਕ ਡਾ. ਲੱਖਾ ਲਹਿਰੀ, ਕਾਸਟਿਉਮ ਤੇ ਸਹਿ-ਨਿਰਦੇਸ਼ਕ ਡਾ. ਇੰਦਰਜੀਤ ਕੌਰ ਅਤੇ ਮੁੱਖ ਕਲਾਕਾਰ ਕਰਮਨ ਸਿੱਧੂ ਹਨ। ਨਾਟਕ ਵਿਚ ਪੀੜ੍ਹੀ-ਪਾੜੇ ਨਾਲ ਜੁੜੇ ਵਿਭਿੰਨ ਪਾਸਾਰ ਬਹੁਤ ਮਾਰਮਿਕ ਤੇ ਬਾਰੀਕੀ ਨਾਲ ਉਭਾਰੇ ਗਏ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਭਾਸ਼ਾ ਵਿਭਾਗ ਇਸ ਆਸ਼ੇ ਨਾਲ਼ ਕਿ ਵਿਦਿਆਰਥੀਆਂ ਦੀ ਜਾਗਰੁਕਤਾ ਨਰੋਏ ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ, ਵੱਧ ਤੋਂ ਵੱਧ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੀ ਸ਼ਮੂਲੀਅਤ ਦਾ ਯਤਨ ਕਰਦਾ ਹੈ। ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਲਈ ਬਹੁਤ ਲਾਹੇਬੰਦ ਸਿੱਧ ਹੁੰਦੇ ਹਨ। ਸਮਾਗਮ ਵਿਚ ਕਾਲਜ ਕਮੇਟੀ ਦੇ ਸਥਾਨਕ ਸਕੱਤਰ ਜਰਨੈਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸ਼ਾਇਰ ਤਲਵਿੰਦਰ ਸ਼ੇਰਗਿੱਲ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਾਰਥਕ ਰੰਗ ਮੰਚ ਵੱਲੋਂ ਡਾ. ਇੰਦਰਜੀਤ ਕੌਰ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਡਾ. ਨਿਰਮਲਜੀਤ ਕੌਰ ਨੇ ਨਿਭਾਈ। ਇਸ ਮੌਕੇ ਵਦਿਆਰਥੀਆਂ, ਕਾਲਜ ਸਟਾਫ ਤੋਂ ਬਿਨਾਂ ਸਥਾਨਕ ਲੇਖਕਾਂ/ ਅਕਾਦਮਿਕ ਸਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ।