ਜਨਮ ਦਿਨ ਮੌਕੇ ਵੱਖ-ਵੱਖ ਕਿਸਮ ਦੇ ਬੂਟੇ ਲਾਏ
ਆਪਣੇ ਜਨਮ ਦਿਨ 'ਤੇ ਰੁੱਖ ਲਗਾਉਣਾ ਸਮੇਂ ਦੀ ਲੋੜ-ਰੇਸ਼ਮ ਸਿੰਘ
Publish Date: Mon, 26 Oct 2026 04:17 PM (IST)
Updated Date: Mon, 26 Oct 2026 04:19 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਵਾਤਾਵਰਣ ਸੰਭਾਲ ਸੁਸਾਇਟੀ ਦੇ ਸਰਗਰਮ ਮੈਂਬਰ ਰੇਸ਼ਮ ਸਿੰਘ ਨੇ ਆਪਣੇ 66ਵੇਂ ਜਨਮ ਦਿਨ ਮੌਕੇ ਬੂਟੇ ਲਗਾਉਣ ਸਮੇਂ ਕਿਹਾ ਕਿ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਬੇਗਮਪੁਰ ਨੇੜੇ ਨਹਿਰ ਕੰਢੇ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਚ ਗਰਮੀ ਦਾ ਕਹਿਰ ਹਰ ਸਾਲ ਵਧਦਾ ਹੀ ਜਾ ਰਿਹਾ ਹੈ। ਰੁੱਖਾਂ ਦੀ ਕਮੀ ਇਸ ਦਾ ਮੁੱਖ ਕਾਰਨ ਹੈ। ਇਸ ਕਾਰਨ ਸਰਕਾਰੀ ਜੰਗਲਾਂ ਦਾ ਰਕਬਾ ਵੀ ਘਟਦਾ ਜਾ ਰਿਹਾ ਹੈ। ਮਹਿੰਗਾਈ ਵਧਣ ਨਾਲ ਘਰ ਛੋਟੇ ਅਤੇ ਵਿਹੜੇ ਖਤਮ ਹੋ ਗਏ ਹਨ। ਅਖੌਤੀ ਵਿਕਾਸ ਕੁਦਰਤੀ ਸੰਤੁਲਨ ਨੂੰ ਵਿਗਾੜ ਰਿਹਾ ਹੈ। ਅੱਜ ਸਮੇਂ ਦੀ ਲੋੜ ਹੈ ਕਿ ਹਰ ਇਕ ਢੁਕਵੀਂ ਥਾਂ ਤੇ ਬੂਟੇ ਲਗਾ ਕੇ ਉਨ੍ਹਾਂ ਦੀ ਦੇਖ-ਭਾਲ ਕੀਤੀ ਜਾਵੇ। ਉਨ੍ਹਾਂ ਨਾਲ ਕੈਸ਼ੀਅਰ ਕੁਲਦੀਪ ਕੁਮਾਰ, ਅਰੁਣ ਕੁਮਾਰ ਬਾਲੀ, ਸਰਪੰਚ ਕੁਲਵਿੰਦਰ ਕੁਮਾਰ, ਗੁਰਮੇਲ ਲਾਲ, ਬਲਿਹਾਰ ਸਿੰਘ, ਰਾਮ ਪਾਲ, ਮਹਿੰਦਰ ਲਾਲ, ਊਸ਼ਾ ਰਾਣੀ, ਭੋਲੀ ਅਤੇ ਸਤਨਾਮ ਸਿੰਘ ਆਦਿ ਮੌਜੂਦ ਸਨ।