- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂਸ਼ਹਿਰ 'ਚ ਸਵੱਛਤਾ ਮੁਹਿੰਮ ਦੀ ਪੋਲ ਖੋਲ੍ਹ ਰਹੇ ਹਨ ਕੂੜੇ ਦੇ ਢੇਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਭਾਵੇਂ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਪ ਦੇ ਹਲਕਾ ਇੰਚਾਰਜ ਸਮੇਤ ਹੋਰਨਾਂ ਆਪ ਆਗੂਆਂ ਅਤੇ ਵਰਕਰਾਂ ਸਮੇਤ ਨਗਰ ਕੌਂਸਲ ਨਵਾਂਸ਼ਹਿਰ ਦੇ ਮੁਲਾਜ਼ਮਾਂ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਫ਼ਾਈ ਮੁਹਿੰਮ ਚਲਾਈ ਪਰ ਕੁੱਝ ਦਿਨ ਬਾਅਦ ਹੀ ਇਸ ਮੁਹਿੰਮ ਦੇ ਠੰਢੀ ਅਤੇ ਮੱਠੀ ਪੈਣ ਕਾਰਨ ਹੁਣ ਦੁਬਾਰਾ ਇਲਾਕੇ ਵਿਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਵਾਹਨ ਚਾਲਕਾਂ, ਰਾਹਗੀਰਾਂ ਦੀ ਪਰੇਸ਼ਾਨੀ ਵੀ ਵੱਧਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਮੁਲਾਜ਼ਮਾਂ ਵੱਲੋਂ ਜਨਮ ਅਸ਼ਟਮੀ ਮੌਕੇ ਲਗਾਏ ਜਾ ਰਹੇ ਲੰਗਰਾਂ ਵਿਚ ਪਾਬੰਦੀਸ਼ੁਦਾ ਲਿਫਾਫਿਆਂ ਦੇ ਨਾਲ-ਨਾਲ ਪਲਾਸਟਿਕ ਅਤੇ ਥਰਮਾਕੌਲ ਦੇ ਨਾਲ ਤਿਆਰ ਕੀਤੀ ਸਾਮਾਨ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ ਪਰ ਇਨ੍ਹਾਂ ਸਮਾਗਮਾਂ ਤੋਂ ਬਾਅਦ ਵੀ ਕੂੜੇ ਦੇ ਢੇਰਾਂ ’ਚ ਪਲਾਸਟਿਕ ਦੇ ਲਿਫਾਫੇ ਇਸ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਰਹੇ ਹਨ। ਇਹੀ ਨਹੀਂ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਮੂਸਾਪੁਰ ਰੋਡ ’ਤੇ ਬਣੇ ਕੂੜੇ ਦੇ ਡੰਪ ਨੂੰ ਹੋਰ ਥਾਂ ’ਤੇ ਸ਼ਿਫਟ ਕਰਨ ਲਈ ਮਤਾ ਪਾਸ ਕੀਤਾ ਜਾ ਰਿਹਾ ਹੈ ਪਰ ਕੂੜੇ ਦੇ ਡੰਪ ਲਈ ਨਵੀਂ ਥਾਂ ਦਾ ਪ੍ਰਬੰਧ ਕਰਨ ਵਿਚ ਵੀ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਅਫ਼ਸਰਾਨ, ਪ੍ਰਧਾਨ, ਮੀਤ ਪ੍ਰਧਾਨ ਸਮੇਤ ਹੋਰ ਕੌਂਸਲਰ ਵੀ ਨਾਕਾਮ ਸਾਬਤ ਹੋ ਰਹੇ ਹਨ। ਜਿਸ ਕਾਰਨ ਜ਼ਿਲ੍ਹੇ ਵਿਚ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਦੀ ਪੋਲ ਵੀ ਖੁੱਲ੍ਹਦੀ ਜਾ ਰਹੀ ਹੈ।
ਭਾਵੇਂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਦੇਸ਼ ਵਿਚੋਂ ਰਿਸਾਈਕਲਡ ਪਲਾਸਟਿਕ ’ਤੇ ਪਾਬੰਦੀ ਲਗਾਉਣ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਸੂਬੇ ਦੀ ਆਪ ਸਰਕਾਰ ਪਲਾਸਟਿਕ ਦੇ ਉਤਪਾਦਨ ਅਤੇ ਸੇਲ ਨੂੰ ਕੰਟਰੋਲ ਕਰਨ ’ਚ ਨਾਕਾਮ ਜਾਪ ਰਹੀ ਹੈ। ਆਪ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਫਤੇ ਵਿਚ ਇਕ ਦਿਨ ਰਿਸਾਈਕਲਡ ਪਲਾਸਟਿਕ ਦੀ ਵਰਤੋਂ ਰੋਕਣ ਲਈ ਕਾਰਵਾਈ ਕੀਤੀ ਜਾਂਦੀ ਹੈ ਪਰ ਜ਼ਿਲ੍ਹੇ ਦੀਆਂ ਦੁਕਾਨਾਂ, ਸਬਜ਼ੀ ਮੰਡੀਆਂ, ਰੇਹੜੀਆਂ, ਫੜੀਆਂ ਤੇ ਪਲਾਸਟਿਕ ਦੇ ਲਿਫਾਫਿਆਂ ’ਚ ਸਾਮਾਨ ਦੇਣ ਲਈ ਇਨ੍ਹਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ। ਫਿਰ ਇਸ ਲਿਫਾਫਿਆਂ ਦੇ ਕੂੜੇ ਦੇ ਢੇਰਾਂ ਤੱਕ ਦਾ ਸਫਰ ਆਮ ਵਾਂਗ ਹੀ ਜਾਰੀ ਹੈ। ਜਿਸ ਕਾਰਨ ਨਵਾਂਸ਼ਹਿਰ ’ਚ ਬੰਗਾ ਰੋਡ, ਪੁਰਾਣੀ ਕਚਹਿਰੀ ਰੋਡ, ਰਾਹੋਂ ਰੋਡ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਲਗੇ ਕੂੜੇ ਦੇ ਢੇਰਾਂ ਵਿਚ ਸਹਿਜ ਹੀ ਪਲਾਸਟਿਕ ਦੇ ਲਿਫਾਫੇ ਨਜ਼ਰ ਆ ਰਹੇ ਹਨ। ਇਹੀ ਨਹੀਂ ਰੋਜ਼ਾਨਾ ਇੱਥੋਂ ਦੇ ਕੂੜੇ ਦੇ ਢੇਰਾਂ ਵਿਚ ਲਿਫਾਫਿਆਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਸ ਕਾਰਨ ਨਗਰ ਕੌਂਸਲ ਨਵਾਂਸ਼ਹਿਰ, ਬੰਗਾ, ਬਲਾਚੌਰ, ਰਾਹੋਂ ਦੇ ਕੂੜੇ ਦੇ ਡੰਪਾਂ ’ਤੇ ਪਲਾਸਟਿਕ ਦੇ ਲਿਫਾਫਿਆਂ ਦੇ ਪਹਾੜ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਇਲਾਕੇ ਦੇ ਸੂਝਵਾਨ ਲੋਕਾਂ ਨੇ ਜ਼ਿਲ੍ਹੇ ਵਿਚੋਂ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਮੁਹਿੰਮ ਚਲਾਉਣ ਅਤੇ ਇਸ ਕੰਮ ਵਿਚ ਜੁਟੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਬਜ਼ੀ, ਰਾਸ਼ਨ ਅਤੇ ਹੋਰ ਸਾਮਾਨ ਦੀ ਖ਼ਰੀਦਦਾਰੀ ਕਰਨ ਜਾਂਦੇ ਸਮੇਂ ਆਪਣੇ ਨਾਲ ਕੱਪੜੇ ਦੇ ਥੈਲੇ ਜ਼ਰੂਰ ਰੱਖਣ ਤਾਂ ਜੋ ਸਾਮਾਨ ਦੀ ਖ਼ਰੀਦ ਸਮੇਂ ਦਿੱਤੀ ਜਾ ਰਹੀ ਪੌਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਰੋਕੀ ਜਾ ਸਕੇ। ਪੇਸ਼ ਹੈ ਇਲਾਕੇ ਦੇ ਸੂਝਵਾਨ ਲੋਕਾਂ ਦੇ ਵਿਚਾਰ।
- ਪਲਾਸਟਿਕ ਦੀ ਵਰਤੋਂ ਲੋਕਾਂ ਦੀ ਆਦਤ ਬਣ ਗਈ ਹੈ : ਡਾ. ਜੇਐੱਸ ਸੰਧੂ
ਸਿਨੋਵਾ ਹਸਪਤਾਲ (ਸੰਧੂ ਹਸਪਤਾਲ) ਨਵਾਂਸ਼ਹਿਰ ਦੇ ਐੱਮਡੀ ਡਾ. ਜੇਐੱਸ ਸੰਧੂ ਦਾ ਕਹਿਣਾ ਹੈ ਕਿ ਪਿਛਲੇ ਦੋ-ਤਿੰਨ ਦਹਾਕਿਆਂ ’ਚੋਂ ਪਲਾਸਟਿਕ ਲੋਕਾਂ ਦੀਆਂ ਆਦਤਾਂ ਤੇ ਜੀਵਨਸ਼ੈਲੀ ’ਚ ਸ਼ਾਮਲ ਹੋ ਗਈ ਹੈ। ਦੁਕਾਨਦਾਰ, ਰੇਹੜੀ, ਫੜੀ ਵਾਲੇ ਆਪਣੇ ਸਾਮਾਨ ਨੂੰ ਪੌਲੀਥੀਨ ਦੀ ਥੈਲੀ ਵਿਚ ਪਾ ਕੇ ਗਾਹਕਾਂ ਨੂੰ ਦੇ ਰਹੇ ਹਨ। ਜੋ ਆਮ ਕੱਪੜੇ ਦੀ ਥੈਲੀਆਂ ਨਾਲੋਂ ਸਸਤੀ ਪੈਂਦੀ ਹੈ ਪਰ ਇਹ ਥੈਲੀ ਹੁਣ ਗਲੀਆਂ, ਨਾਲੀਆਂ, ਕੂੜੇ ਦੇ ਢੇਰਾਂ ਸਮੇਤ ਹਰੇਕ ਗਲੀ, ਨਾਲੀਆਂ ਵਿਚ ਜਾਣ ਕਾਰਨ ਸੀਵਰੇਜ ਜਾਮ ਦਾ ਕਾਰਨ ਵੀ ਬਣ ਜਾਂਦੀਆਂ ਹਨ। ਜਿਸ ਕਾਰਨ ਸੀਵਰੇਜ ਬਲਾਕੇਜ ਸਮੇਤ ਹੋਰਨਾਂ ਪਰੇਸ਼ਾਨੀਆਂ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।
- ਪੌਲੀਥੀਨ ਦੇ ਲਿਫਾਫੇ ਪਸ਼ੂਆਂ ਲਈ ਕਾਲ-ਗਰਚਾ
ਪ੍ਰਿੰ. ਤਰਜੀਵਨ ਸਿੰਘ ਗਰਚਾ ਦਾ ਕਹਿਣਾ ਹੈ ਕਿ ਪੌਲੀਥੀਨ ਦੀਆਂ ਥੈਲੀਆਂ ਦੇ ਹਰੇ ਰੰਗ ਵਰਤੇ ਜਾਣ ਕਾਰਨ ਜਾਣੇ ਅਨਜਾਨੇ ਪਸ਼ੂ ਇਸ ਨੂੰ ਖਾ ਕੇ ਬਿਮਾਰ ਹੋ ਜਾਂਦੇ ਹਨ। ਧਰਤੀ ਸਮੇਤ ਪਸ਼ੂਆਂ ਦੇ ਪੇਟ ਵਿਚ ਕਈ ਸਾਲਾਂ ਤੱਕ ਪਲਾਸਟਿਕ ਨਾ ਗਲਣ ਕਾਰਨ ਬਿਮਾਰੀਆਂ ਦਾ ਰੂਪ ਲੈ ਲੈਂਦਾ ਹੈ। ਜਿਸ ਕਾਰਨ ਲਾਵਾਰਿਸ ਪਸ਼ੂਆਂ ਦੀ ਮੌਤ ਹੋ ਰਹੀ ਹੈ। ਪਸ਼ੂਆਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਸਾਨੂੰ ਇਕ ਵਾਰ ਫਿਰ ਕੱਪੜੇ ਦੇ ਥੈਲਿਆਂ, ਕਾਗਜ਼ ਦੇ ਲਿਫਾਫ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਇਸ ਨੁਕਸਾਨ ਨੂੰ ਦੇਖਦੇ ਹੋਏ ਖੁਦ ਹੀ ਪੌਲੀਥੀਨ ਦੇ ਲਿਫਾਫੇ ਲੈਣੇ ਬੰਦ ਕਰਨੇ ਚਾਹੀਦੇ ਹਨ।
- ਮਨਜ਼ੂਰਸ਼ੁਦਾ ਪਲਾਸਟਿਕ ਉਦਯੋਗ ਰਾਹੀਂ ਮਿਲ ਸਕਦੇ ਹਨ ਰੁਜ਼ਗਾਰ ਦੇ ਮੌਕੇ : ਜਥੇ. ਥਿਆੜਾ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਮੈਂਬਰ ਜਥੇ. ਰਮਨਦੀਪ ਸਿੰਘ ਥਿਆੜਾ ਦਾ ਕਹਿਣਾ ਹੈ ਕਿ ਦੇਸ਼ ਵਿਚ ਪਲਾਸਟਿਕ ਉਦਯੋਗ ਬੰਦ ਹੋਣ ਨਾਲ ਇਸ ਕੰਮ ਨਾਲ ਜੁੜੇ ਸਾਢੇ ਸੱਤ ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਖ਼ਦਸ਼ਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੂੰ ਮਨਜੂਰਸ਼ੁਦਾ ਪਲਾਸਟਿਕ ਦੇ ਨਿਰਮਾਣ ਵੱਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਵਿਚ ਬੰਦ ਹੋ ਰਹੀਆਂ ਇਕਾਈਆਂ ਅਤੇ ਉਸ ਵਿਚ ਕੰਮ ਕਰ ਰਹੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਮਨਜ਼ੂਰਸ਼ੁਦਾ ਪੌਲੀਥੀਨ ਦੇ ਲਿਫਾਫਿਆਂ ਦਾ ਉਤਪਾਦਨ ਵਧੇਗਾ ਤਾਂ ਰਿਸਾਈਕਲਡ ਪਲਾਸਟਿਕ ਦੀ ਡਿਮਾਂਡ ਅਤੇ ਸਪਲਾਈ ਚੇਨ ਖਤਮ ਹੋ ਸਕੇਗੀ।
- ਪਲਾਸਟਿਕ ਨੇ ਮਨੁੱਖਤਾ ਲਈ ਵੱਡੀਆਂ ਪਰੇਸ਼ਾਨੀਆਂ ਪੈਦਾ ਕੀਤੀਆਂ : ਡਾ. ਰਾਜੇਸ਼ਵਰ ਸਿੰਘ
ਦੋਆਬਾ ਗਰੁੱਪ ਆਫ਼ ਕਾਲਜ ਛੋਕਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ ਦਾ ਕਹਿਣਾ ਹੈ ਕਿ ਕੂੜੇ ਦੇ ਢੇਰਾਂ ’ਤੇ ਪਲਾਸਟਿਕ ਮਨੁੱਖਤਾ ਲਈ ਵੱਡੀਆਂ ਪਰੇਸ਼ਾਨੀਆਂ ਪੈਦਾ ਕਰ ਰਹੀਆਂ ਹਨ। ਜੇਕਰ ਕੂੜੇ ਡੰਪਾਂ ’ਤੇ ਪਾਈ ਜਾ ਰਹੀ ਨਾ ਗਲਣਯੋਗ ਪਲਾਸਟਿਕ ਦੇ ਨਿਪਟਾਰੇ ਲਈ ਨਗਰ ਕੌਂਸਲਾਂ ਬਣਦਾ ਗੌਰ ਨਹੀਂ ਕਰਨਗੀਆਂ ਤਾਂ ਇਸ ਸਮਸਿਆ ਹੋਰ ਵੀ ਵਿਕਰਾਲ ਹੋ ਜਾਵੇਗੀ। ਨਗਰ ਕੌਂਸਲ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ ਸਮੇਤ ਜਨਤਕ ਥਾਵਾਂ ਤੇ ਜਾਗਰੂਕਤਾ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਪਲਾਸਟਿਕ ਦੀ ਵਰਤੋਂ ਰੋਕੀ ਜਾ ਸਕੇ।
- ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੰਕਲਪ ਜ਼ਰੂਰੀ : ਸਰਪੰਚ ਜਸਪਾਲ ਸਿੰਘ ਬੀਰੋਵਾਲ
ਸਰਪੰਚ ਜਸਪਾਲ ਸਿੰਘ ਬੀਰੋਵਾਲ ਦਾ ਕਹਿਣਾ ਹੈ ਕਿ ਵਾਤਾਵਰਣ ਨੂੰ ਬਚਾਉਣ ਦੇ ਨਾਲ-ਨਾਲ ਪ੍ਰਦੂਸ਼ਣ ਘਟਾਉਣ ਲਈ ਸਿੰਗਲ ਯੂਜ਼ ਪਲਾਸਟਿਕ ਅਤੇ ਸਿੰਗਲ ਯੂਜ਼ ਥਰਮੋਕੋਲ ਦੇ ਉਤਪਾਦਨ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਉਣੀ ਚਾਹੀਦਾ ਹੈ। ਜਦਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ’ਚ ਸਾਥੀ ਬਣਨਾ ਚਾਹੀਦਾ ਹੈ। ਪਲਾਸਟਿਕ ਦੀਆਂ ਵਸਤੂਆਂ ’ਤੇ ਪਾਬੰਦੀ ਤਹਿਤ ਥਰਮੋਕੋਲ ਦੀਆਂ ਪਲੇਟਾਂ, ਕੱਪ, ਗਲਾਸ, ਕਟਲਰੀ ਵਰਗੇ ਕਾਂਟੇ, ਚਮਚੇ, ਚਾਕੂ, ਟਰੇਅ, ਪਲਾਸਟਿਕ ਦੇ ਝੰਡੇ, ਸੱਦਾ ਕਾਰਡ ਆਦਿ ਸ਼ਾਮਲ ਹਨ। ਪਲਾਸਟਿਕ ਦੀ ਵਰਤੋਂ ਨਾ ਕਰ ਕੇ ਹੀ ਪਲਾਸਟਿਕ ਵਿਰੋਧੀ ਦੇਸ਼ ਵਿਆਪੀ ਮੁਹਿੰਮ ਵਿਚ ਹਰੇਕ ਨਾਗਰਿਕ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।