ਵਿੱਦਿਅਕ ਅਦਾਰਿਆਂ ਦੇ ਮਹਿਲਾ ਮੁਖੀਆਂ ਨੂੰ ‘ਫੁਲਕਾਰੀ’ ਤੇ ‘ਵਰਨਮਾਲਾ’ ਕੀਤੀ ਪ੍ਰਦਾਨ ਵਿੱਦਿਅਕ ਅਦਾਰਿਆਂ ਦੇ ਮਹਿਲਾ ਮੁੱਖੀਆਂ ਨੂੰ 'ਫੁਲਕਾਰੀ' ਤੇ 'ਵਰਨਮਾਲਾ' ਪ੍ਰਦਾਨ
Publish Date: Sun, 01 Nov 2026 03:36 PM (IST)
Updated Date: Sun, 01 Nov 2026 03:38 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮਹਿਲਾ ਮੁੱਖੀਆਂ ਦੀ ਇਕੱਤਰਤਾ ਕੀਤੀ। ਇਨ੍ਹਾਂ ਮਹਿਲਾ ਮੁੱਖੀਆਂ ਨੂੰ ਪੁਸਤਕ ਫੁੱਲਕਾਰੀ ਅਤੇ ‘ਵਰਨਮਾਲਾ ਵਾਲੀਆਂ ਤਖਤੀਆਂ ਪ੍ਰਦਾਨ ਕੀਤੀਆਂ। ਇਸ ਨਿਵੇਕਲੇ ਕਾਰਜ ਰਾਹੀਂ ਆਪਣੇ ਵਿਰਸੇ ਤੇ ਪਹਿਰਾ ਦੇਣ ਅਤੇ ਪੰਜਾਬੀ ਬੋਲੀ ਨਾਲ ਜੁੜੇ ਰਹਿਣ ਦਾ ਹੋਕਾ ਦਿੱਤਾ। ਸਮੂਹ ਮਹਿਲਾ ਮੁੱਖੀਆਂ ਦਾ ਕਹਿਣ ਸੀ ਕਿ ਉਕਤ ਦੋਵਾਂ ਅਨਮੋਲ ਵਸਤੂਆਂ ਨੂੰ ਨਿਹਾਰਨ ਵਾਲੇ ਵਿਦਿਆਰਥੀ ਵਰਗ ਅੰਦਰ ਉਚੇਚੀ ਪ੍ਰੇਰਨਾ ਜਾਵੇਗੀ। ਇਸ ਮੌਕੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ, ਗੁਰੂ ਨਾਨਕ ਕਾਲਜ ਬੰਗਾ ਦੇ ਪ੍ਰਿੰਸੀਪਲ ਮੀਨੂ ਭੋਲਾ, ਗੁਰੂ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਪ੍ਰਿੰਸੀਪਲ ਡਾ. ਰਮਨਦੀਪ ਕੌਰ, ਰਾਜਾ ਸਾਹਿਬ ਪੈਰਾਮੈਡੀਕਲ ਕਾਲਜ ਮਜਾਰਾ ਨੌ ਆਬਾਦ ਦੇ ਪ੍ਰਿੰਸੀਪਲ ਪਰਮਜੀਤ ਕੌਰ, ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਪ੍ਰਿੰਸੀਪਲ ਡਾ. ਨੀਨਾ ਭਾਰਦਵਾਜ, ਭਗਵਾਨ ਮਹਾਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਪ੍ਰਿੰਸੀਪਲ ਕੇ. ਵਾਸੁਧਾ ਜੈਨ, ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਪ੍ਰਿੰਸੀਪਲ ਜਸਵਿੰਦਰ ਕੌਰ ਸ਼ਾਮਲ ਸਨ। ਇਹ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ, ਮੈਂਬਰ ਪੂਜਾ ਸ਼ਰਮਾ ਨੇ ਸਾਂਝੇ ਰੂਪ ਵਿਚ ਨਿਭਾਈ। ਉਨ੍ਹਾਂ ਕਿਹਾ ਕਿ ਫੁੱਲਕਾਰੀ ਪੁਸਤਕ ਅਤੇ ਵਰਨਮਾਲਾ ਦੀਆਂ ਤਖ਼ਤੀਆਂ ਦਾ ਇਹ ਉਪਰਾਲਾ ਵਿੱਦਿਅਕ ਅਦਾਰਿਆਂ ਅੰਦਰ ਆਪਣੇ ਵਿਰਸੇ ਅਤੇ ਭਾਸ਼ਾ ਦੇ ਪ੍ਰਚਾਰ ਪਸਾਰ ਲਈ ਕੀਤਾ।। ਬੁਲਾਰਿਆਂ ਨੇ ਸਮਾਜਿਕ ਕਦਰਾਂ ਕੀਮਤਾਂ ਦੀ ਸੁਰੱਖਿਆ ਲਈ ਆਪਣੇ ਫਰਜ਼ ਪਛਾਣਨ ਦੀ ਲੋੜ ਤੇ ਜ਼ੋਰ ਦਿੱਤਾ। ਦੱਸਣਯੋਗ ਹੈ ਕਿ ਇਹ ਪੁਸਤਕਾਂ ਅਤੇ ਤਖਤੀਆਂ ਨੂੰ ਉਕਤ ਵਿੱਦਿਅਕ ਅਦਾਰਿਆਂ ਦੀਆਂ ਲਾਇਬ੍ਰੇਰੀਆਂ ਵਿੱਚ ਰੱਖਿਆ ਜਾਵੇਗਾ ਤਾਂ ਜੋ ਉਨ੍ਹਾਂ ਅਦਾਰਿਆਂ ਦੇ ਵਿਦਿਆਰਥੀ ਉਨ੍ਹਾਂ ਨੂੰ ਨਿਹਾਰ ਸਕਣ।