ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਲੋਕ ਸਿਹਤ ਸਬੰਧੀ ਸਾਵਧਾਨੀਆਂ ਵਰਤਣ : ਡਾ. ਗੀਤਾਂਜਲੀ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਲੋਕ ਸਿਹਤ ਸਬੰਧੀ ਸਾਵਧਾਨੀਆਂ ਵਰਤਣ-ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ
Publish Date: Fri, 06 Nov 2026 05:42 PM (IST)
Updated Date: Fri, 06 Nov 2026 05:44 PM (IST)
ਪਰਾਲੀ ਅਤੇ ਕੂੜਾ ਸਾੜਨ, ਤੰਬਾਕੂਨੋਸ਼ੀ ਅਤੇ ਪਟਾਕਿਆਂ ਦਾ ਧੂੰਆਂ ਸਿਹਤ ਲਈ ਗੰਭੀਰ ਖ਼ਤਰਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸਿਹਤ ਸਬੰਧੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਹੈ, ਜਿਸ ਨਾਲ ਸਾਹ ਪ੍ਰਣਾਲੀ, ਫੇਫੜਿਆਂ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਹਰੇਕ ਵਿਅਕਤੀ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ ਲਈ ਜਾਗਰੂਕ ਹੋਣਾ ਚਾਹੀਦਾ ਹੈ। ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਦਿਲ ਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਲੋਕਾਂ ਨੂੰ ਰੋਜ਼ਾਨਾ ਆਪਣੇ ਇਲਾਕੇ ਦਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਚੈੱਕ ਕਰਨਾ ਚਾਹੀਦਾ ਹੈ ਅਤੇ ਇਸ ਅਨੁਸਾਰ ਆਪਣੀਆਂ ਬਾਹਰੀ ਗਤੀਵਿਧੀਆਂ ਤੈਅ ਕਰਨੀਆਂ ਚਾਹੀਦੀਆਂ ਹਨ।।ਉਨ੍ਹਾਂ ਦੱਸਿਆ ਕਿ ਮਾੜੀ ਹਵਾ ਗੁਣਵੱਤਾ ਵਾਲੇ ਦਿਨਾਂ ਵਿੱਚ ਸਵੇਰੇ ਅਤੇ ਦੇਰ ਸ਼ਾਮ ਨੂੰ ਸੈਰ, ਦੌੜ ਅਤੇ ਕਸਰਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਭਾਰੀ ਆਵਾਜਾਈ ਵਾਲੀਆਂ ਸੜਕਾਂ, ਉਦਯੋਗਿਕ ਖੇਤਰਾਂ ਅਤੇ ਉਸਾਰੀ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਘਰਾਂ ਵਿੱਚ ਝਾੜੂ ਦੀ ਬਜਾਏ ਗਿੱਲਾ ਪੋਚਾ ਲਗਾਉਣਾ ਚਾਹੀਦਾ ਹੈ ਅਤੇ ਖਾਣਾ ਪਕਾਉਣ ਸਮੇਂ ਹਵਾ ਦੇ ਆਉਣ-ਜਾਣ ਦਾ ਢੁੱਕਵਾਂ ਪ੍ਰਬੰਧ ਰੱਖਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਸਿਗਰਟ, ਬੀੜੀ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਰਤੋਂ ਛੱਡਣ, ਬੰਦ ਕਮਰਿਆਂ ਵਿਚ ਮੱਛਰ ਭਜਾਉਣ ਵਾਲੀਆਂ ਕੁਆਇਲਾਂ ਅਤੇ ਅਗਰਬੱਤੀਆਂ ਨਾ ਜਲਾਉਣ ਅਤੇ ਰੂਮ ਫਰੈਸ਼ਨਰ ਤੇ ਸਪਰੇਅ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮੌਸਮੀ ਫਲਾਂ ਅਤੇ ਸਬਜ਼ੀਆਂ ਨਾਲ ਭਰਪੂਰ ਪੌਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ, ਲੋੜੀਂਦਾ ਪਾਣੀ ਪੀਣਾ ਚਾਹੀਦਾ ਹੈ ਅਤੇ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਣ ਦੇ ਨਾਲ ਕੋਸੇ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ। ਮਾਸਕ ਦੀ ਵਰਤੋਂ ਸਬੰਧੀ ਉਨ੍ਹਾਂ ਕਿਹਾ ਕਿ ਲੋੜ ਪੈਣ ਤੇ ਨੱਕ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਢਕਣ ਵਾਲਾ ਐੱਨ-95 ਜਾਂ ਐੱਨ-99 ਮਾਸਕ ਪਹਿਨਿਆ ਜਾਵੇ। ਕਾਗਜ਼ੀ ਮਾਸਕ, ਰੁਮਾਲ, ਦੁਪੱਟਾ ਜਾਂ ਆਮ ਕੱਪੜਾ ਪ੍ਰਦੂਸ਼ਣ ਦੇ ਬਰੀਕ ਕਣਾਂ ਤੋਂ ਸੁਰੱਖਿਆ ਨਹੀਂ ਕਰਦੇ। ਏਅਰ ਪਿਊਰੀਫਾਇਰ ਦੀ ਵਰਤੋਂ ਕਰਨ ਵਾਲੇ ਲੋਕ ਇਸ ਦੇ ਫਿਲਟਰ ਨਿਯਮਿਤ ਤੌਰ ਤੇ ਸਾਫ਼ ਕਰਨ ਜਾਂ ਬਦਲਣ ਅਤੇ ਓਜ਼ੋਨ ਪੈਦਾ ਕਰਨ ਵਾਲੇ ਪਿਊਰੀਫਾਇਰ ਦੀ ਵਰਤੋਂ ਨਾ ਕਰਨ।।ਘਰਾਂ ਅਤੇ ਵਾਹਨਾਂ ਵਿੱਚ ਏ.ਸੀ. ਨੂੰ ਰੀ-ਸਰਕੂਲੇਟ ਮੋਡ ਤੇ ਚਲਾਉਣ ਅਤੇ ਮਾੜੀ ਹਵਾ ਵਾਲੇ ਦਿਨਾਂ ਵਿੱਚ ਵਾਹਨਾਂ ਦੀਆਂ ਖਿੜਕੀਆਂ ਬੰਦ ਰੱਖਣ ਦੀ ਸਲਾਹ ਵੀ ਦਿੱਤੀ। ਤਿਉਹਾਰਾਂ ਦੇ ਮੌਸਮ ਸਬੰਧੀ ਉਨ੍ਹਾਂ ਕਿਹਾ ਕਿ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦਾ ਧੂੰਆਂ ਦਿਲ ਅਤੇ ਫੇਫੜਿਆਂ ਦੇ ਰੋਗੀਆਂ ਲਈ ਵਿਸ਼ੇਸ਼ ਤੌਰ ਤੇ ਨੁਕਸਾਨਦੇਹ ਹੋ ਸਕਦਾ ਹੈ। ਦਮੇ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਪਟਾਕਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੀਵੇ ਜਗਾ ਕੇ ਹਰਿਆਲੀ ਭਰਿਆ ਤਿਉਹਾਰ ਮਨਾਉਣ ਅਤੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ। ਜੇਕਰ ਪਟਾਕੇ ਚਲਾਏ ਜਾਣ ਤਾਂ ਸਿਰਫ਼ ਲਾਇਸੰਸਸ਼ੁਦਾ ਦੁਕਾਨਾਂ ਤੋਂ ਮਨਜ਼ੂਰਸ਼ੁਦਾ ਗ੍ਰੀਨ ਪਟਾਕੇ ਖਰੀਦੇ ਜਾਣ ਅਤੇ ਸਰਕਾਰ ਵੱਲੋਂ ਨਿਰਧਾਰਤ ਸਮੇਂ ਤੇ ਸ਼ੋਰ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਪਟਾਕੇ ਖੁੱਲ੍ਹੀ ਥਾਂ ਤੇ ਇਮਾਰਤਾਂ, ਵਾਹਨਾਂ, ਭੀੜ ਅਤੇ ਜਾਨਵਰਾਂ ਤੋਂ ਦੂਰ ਚਲਾਏ ਜਾਣ ਅਤੇ ਨੇੜੇ ਪਾਣੀ ਜਾਂ ਰੇਤ ਦੀ ਬਾਲਟੀ ਰੱਖੀ ਜਾਵੇ। ਬੱਚਿਆਂ ਨੂੰ ਬਿਨਾਂ ਬਾਲਗਾਂ ਦੀ ਨਿਗਰਾਨੀ ਪਟਾਕੇ ਨਾ ਚਲਾਉਣ ਦਿੱਤੇ ਜਾਣ ਅਤੇ ਪਾਲਤੂ ਜਾਨਵਰਾਂ ਨੂੰ ਘਰ ਅੰਦਰ ਸੁਰੱਖਿਅਤ ਰੱਖਿਆ ਜਾਵੇ। ਡਾ. ਗੀਤਾਂਜਲੀ ਸਿੰਘ ਨੇ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਰੋਜ਼ਾਨਾ ਹਵਾ ਗੁਣਵੱਤਾ ਸੂਚਕਾਂਕ ਪ੍ਰਦਰਸ਼ਿਤ ਕਰਨ ਅਤੇ ਵੱਧ ਪ੍ਰਦੂਸ਼ਣ ਵਾਲੇ ਦਿਨਾਂ ਵਿੱਚ ਬਾਹਰੀ ਖੇਡਾਂ ਤੇ ਗਤੀਵਿਧੀਆਂ ਸੀਮਤ ਕਰਨ। ਬੱਚਿਆਂ ਨੂੰ ਅੱਧੀ ਛੁੱਟੀ ਦੌਰਾਨ ਕਲਾਸਾਂ ਅੰਦਰ ਰੱਖਿਆ ਜਾਵੇ, ਕਲਾਸਾਂ ਵਿੱਚ ਗਿੱਲਾ ਪੋਚਾ ਲਗਾਇਆ ਜਾਵੇ ਅਤੇ ਚਾਕ ਦੀ ਬਜਾਏ ਮਾਰਕਰ ਪੈੱਨ ਵਰਤੇ ਜਾਣ। ਸਕੂਲ ਬੱਸਾਂ, ਜਨਤਕ ਆਵਾਜਾਈ, ਕਾਰ-ਪੂਲਿੰਗ ਅਤੇ ਵੱਡੇ ਬੱਚਿਆਂ ਵੱਲੋਂ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ। ਸਾਫ਼ ਹਵਾ ਦੀ ਮਹੱਤਤਾ ਬਾਰੇ ਪੇਂਟਿੰਗ, ਕੁਇਜ਼ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸਾਹ ਚੜ੍ਹਨ, ਲਗਾਤਾਰ ਖੰਘ, ਸਾਹ ਵਿੱਚ ਘਰਘਰਾਹਟ, ਛਾਤੀ ਵਿੱਚ ਦਰਦ ਜਾਂ ਜਕੜਨ, ਚੱਕਰ ਆਉਣ ਅਤੇ ਅੱਖਾਂ ਵਿੱਚ ਜਲਨ, ਲਾਲੀ ਜਾਂ ਪਾਣੀ ਆਉਣ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ ਵਿੱਚ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਐਮਰਜੈਂਸੀ ਸਹਾਇਤਾ ਲਈ ਐਂਬੂਲੈਂਸ ਨੰਬਰ 108 ਅਤੇ ਐਮਰਜੈਂਸੀ ਹੈਲਪਲਾਈਨ 112 ਤੇ ਸੰਪਰਕ ਕੀਤਾ ਜਾ ਸਕਦਾ ਹੈ।।ਅੰਤ ਵਿੱਚ ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਸਾਫ਼-ਸੁਥਰੇ ਵਾਤਾਵਰਨ ਦੀ ਸਿਰਜਣਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ, ਪਰਾਲੀ ਅਤੇ ਕੂੜਾ ਨਾ ਸਾੜਨ, ਤੰਬਾਕੂਨੋਸ਼ੀ ਛੱਡਣ ਅਤੇ ਹਵਾ ਪ੍ਰਦੂਸ਼ਣ ਘਟਾਉਣ ਲਈ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ ਦਾ ਸਹਿਯੋਗ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ।