ਲੋਕ ਮਿਸ਼ਨ ਕਲੀਨ ਪੰਜਾਬ ਮੁਹਿੰਮ 'ਚ ਸਹਿਯੋਗ ਕਰਨ : ਪਰਮਜੀਤ ਸਿੰਘ ਗੜ੍ਹੀ ਲੋਕ ਮਿਸ਼ਨ ਕਲੀਨ ਪੰਜਾਬ ਮੁਹਿੰਮ 'ਚ ਸਹਿਯੋਗ ਕਰਨ-ਪਰਮਜੀਤ ਸਿੰਘ ਗੜ੍ਹੀ
Publish Date: Mon, 31 Aug 2026 04:52 PM (IST)
Updated Date: Mon, 31 Aug 2026 04:55 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੈਰਾਗੀ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਪਰਮਜੀਤ ਸਿੰਘ ਗੜ੍ਹੀ ਨੇ ਦੱਸਿਆ ਕਿ ਪਿੰਡ ਪੱਲੀਆਂ ਕਲਾਂ ਵਿਖੇ ਕੀਤੀ ਮੀਟਿੰਗ ਦੌਰਾਨ ਬਲਜਿੰਦਰ ਕੁਮਾਰ ਬਾਵਾ ਨੂੰ ਹਲਕਾ ਨਵਾਂਸ਼ਹਿਰ ਤੋਂ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਬਲਜਿੰਦਰ ਕੁਮਾਰ ਬਾਵਾ ਨੇ ਬੈਰਾਗੀ ਭਲਾਈ ਬੋਰਡ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਗੜ੍ਹੀ ਵੱਲੋਂ ਬਲਜਿੰਦਰ ਕੁਮਾਰ ਬਾਵਾ ਨੂੰ ਸਨਮਾਨਿਤ ਕੀਤਾ ਗਿਆ। ਪਰਮਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਹੈ। ਆਪ ਸਰਕਾਰ ਵੱਲੋਂ ਲੋਕਾਂ ਨੂੰ 10 ਲੱਖ ਦੇ ਮੁਫਤ ਇਲਾਜ ਦੀ ਸਹੁਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਮੁਹਿੰਮ ਪੰਜਾਬ ਸਰਕਾਰ ਦੀ ਆਪਣੇ ਲੋਕਾਂ ਨੂੰ ਸਾਫ਼-ਸੁਥਰੇ ਅਤੇ ਸਿਹਤਮੰਦ ਸ਼ਹਿਰ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਫ਼ਾਈ ਦੀ ਜ਼ਿੰਮੇਵਾਰੀ ਸਿਰਫ਼ ਸਫ਼ਾਈ ਸੇਵਕਾਂ ਦੀ ਹੀ ਨਹੀਂ ਹੋ ਸਕਦੀ, ਸਗੋਂ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਆਮ ਨਾਗਰਿਕਾਂ, ਦੁਕਾਨਦਾਰਾਂ ਅਤੇ ਸਥਾਨਕ ਭਾਈਚਾਰੇ ਨੂੰ ਵੀ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਇਹ ਮੁਹਿੰਮ ਸਿਰਫ਼ ਇੱਕ ਵਾਰ ਦੀ ਸਫ਼ਾਈ ਤੱਕ ਸੀਮਤ ਨਹੀਂ ਰਹੇਗੀ, ਸਗੋਂ ਨਿਯਮਤ ਨਿਗਰਾਨੀ ਅਤੇ ਬਾਰ-ਬਾਰ ਕੂੜਾ ਸੁੱਟਣ ਵਾਲੀਆਂ ਥਾਵਾਂ ਵਿਰੁੱਧ ਕਾਰਵਾਈ ਦੇ ਨਾਲ ਇੱਕ ਟਿਕਾਊ ਸਫ਼ਾਈ ਪ੍ਰਣਾਲੀ ਬਣਾਉਣ ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਨਾਗਰਿਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਜਨਤਕ ਥਾਵਾਂ ਤੇ ਕੂੜਾ ਨਾ ਸੁੱਟਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਜਨ ਜਨ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਨਿਰਮਲਾ ਦੇਵੀ, ਮੁਕੇਸ਼ ਕੁਮਾਰ, ਲੀਨਾ, ਸਰੀਤਾ, ਬਲਵਿੰਦਰ ਕੁਮਾਰ, ਰਾਕੇਸ਼ ਕੁਮਾਰ, ਰਾਜਵੰਤ ਰਾਣੀ, ਸਿਮਰਨਜੀਤ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ।