ਨਵੀਂ ਆਬਾਦੀ ’ਚ ਲੋਕ ਧੂੰਏਂ ਤੇ ਗੰਧਲੇ ਵਾਤਾਵਰਣ ਕਾਰਨ ਘਰ ਵੇਚਣ ਲਈ ਮਜਬੂਰ ਨਵੀਂ ਆਬਾਦੀ 'ਚ ਲੋਕ ਧੂੰਏ ਅਤੇ ਗੰਧਲੇ ਵਾਤਾਵਰਨ ਕਾਰਨ ਘਰ ਵੇਚਣ ਲਈ ਮਜ਼ਬੂਰ
Publish Date: Sun, 25 Oct 2026 04:44 PM (IST)
Updated Date: Sun, 25 Oct 2026 04:46 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਵੀਂ ਆਬਾਦੀ ’ਚ ਲੱਗੇ ਕੂੜੇ ਦੇ ਡੰਪ ’ਚੋਂ ਉੱਠ ਰਹੇ ਧੂੰਏਂ ਕਾਰਨ ਵੱਧ ਰਹੇ ਪ੍ਰਦੂਸ਼ਣ ਤੋਂ ਤੰਗ ਲੋਕਾਂ ਨੇ ਨਗਰ ਕੌਂਸਲ ਅਫਸਰਾਂ, ਪ੍ਰਸ਼ਾਸਨ ਸਮੇਤ ਸਾਬਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਜਪਾ ਦੇ ਐੱਸਪੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਚੇਤ ਰਾਮ ਰਤਨ ਨੇ ਦੱਸਿਆ ਕਿ ਇਲਾਕੇ ਚੋਂ ਡੰਪ ਨੂੰ ਚੁਕਾਉਣ ਲਈ ਅਫ਼ਸਰਾਂ ਅਤੇ ਸਾਬਕਾ ਵਿਧਾਇਕ ਦੀ ਦੋਗਲੀ ਨੀਤੀ ਜਗ ਜਾਹਿਰ ਹੋ ਗਈ ਹੈ। ਜਿਸ ਕਾਰਨ ਇਲਾਕੇ ਦੇ ਲੋਕ ਪਰੇਸ਼ਾਨ ਹੋ ਕੇ ਗੰਧਲੇ ਵਾਤਾਵਰਣ ਤੋਂ ਮੁਕਤੀ ਪਾਉਣ ਲਈ ਹੁਣ ਆਪਣੇ ਘਰ ਸਸਤੇ ਰੇਟਾਂ ਤੇ ਵੇਚਣ ਲਈ ਮਜਬੂਰ ਹੋ ਗਏ ਹਨ। ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸਾਸਨ ਅਤੇ ਨਗਰ ਕੌਂਸਲ ਵੱਲੋਂ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸਰਕਾਰੀ ਦਫ਼ਤਰਾਂ ਅੱਗੇ ਰੋਸ ਧਰਨਾ ਦੇਣ ਉਪਰੰਤ ਆਪਣੇ ਘਰਾਂ ਦੀਆਂ ਚਾਬੀਆਂ ਡੀਸੀ ਅਤੇ ਹੋਰਨਾਂ ਅਫਸਰਾਂ ਨੂੰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਵੋਟਾਂ ਲੈਣ ਲਈ ਸਲਮ ਏਰੀਆ ਦੇ ਲੋਕਾਂ ਨੂੰ ਡੰਪ ਬਾਰੇ ਮੁੜ ਗੁੰਮਰਾਹ ਕਰ ਕੇ ਕਾਂਗਰਸ ਸਰਕਾਰ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨਵਾਂਸ਼ਹਿਰ ਤੋਂ ਵਿਧਾਇਕ ਨੇ ਡੰਪ ਤੋਂ ਕੂੜਾ ਚੁਕਾਉਣ ਲਈ ਕੋਈ ਇਮਾਨਦਾਰੀ ਨਹੀਂ ਦਿਖਾਈ। ਸਗੋਂ ਦੋਗਲੀ ਨੀਤੀ ਆਪਣਾ ਕੇ ਨਵੀਂ ਆਬਾਦੀ ਡੰਪ ਨੂੰ ਪੱਕਾ ਕੀਤਾ। ਪੰਜਾਬ ਵਿਚ ਲੰਮਾ ਸਮਾਂ ਰਾਜ ਕਰਨ ਵਾਲੀਆਂ ਕਾਂਗਰਸ ਸਰਕਾਰਾਂ ਕੂੜੇ ਡੰਪਾ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਣਾ ਤਰਸੇਮ ਲਾਲ 1978-79 ਸਮੇਂ ਸੀਨੀਅਰ ਵਾਈਸ ਪ੍ਰਧਾਨ ਹੁੰਦਿਆ ਮਾਸਟਰ ਰਾਮ ਦਾਸ (ਜੋ ਕਿ ਮੌਜੂਦਾ ਕੌਂਸਲਰ ਅਤੇ ਵਾਈਸ ਪ੍ਰਧਾਨ ਰਮਨ ਕੁਮਾਰ ਦੇ ਤਾਇਆ ਹਨ) ਉਸ ਸਮੇਂ ਇਸ ਕੰਮ ਨੂੰ ਆਰੰਭ ਕਰਵਾਉਣ ਲਈ ਜ਼ਿੰਮੇਵਾਰ ਸਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਅਤੇ ਇੱਕ ਹੋਰ ਕੌਂਸਲਰ ਪਹਿਲੀ ਮੀਟਿੰਗ ਵਿਚ ਨਵੀਂ ਆਬਾਦੀ ਦੇ ਡੰਪ ਨੂੰ ਚੁਕਾਉਣ ਲਈ ਕੋਈ ਮਤਾ ਲਿਆਉਣ ਵਿਚ ਨਾਕਾਮ ਸਾਬਤ ਹੋਏ ਹਨ। ਚੇਤ ਰਾਮ ਰਤਨ ਨੇ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਲੋਕਾਂ ਵੱਲੋਂ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਉਣ ਲਈ ਆਪਣਾ ਮਨ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਪੁਰਾਣੀ ਸਮੱਸਿਆ ਦੇ ਹੱਲ ਲਈ ਭਾਜਪਾ ਸਰਕਾਰ ਕੂੜੇ ਦਾ ਡੰਪ ਖਤਮ ਕਰ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਡੰਪ ਵਾਲੀ ਥਾਂ ’ਤੇ ਪਾਰਕ ਬਣਾਈ ਜਾਵੇਗੀ। ਇਸ ਮੌਕੇ ਮੁਹੱਲਾ ਵਾਸੀ ਸੋਮ ਲਾਲ ਸਲ੍ਹਣ, ਪ੍ਰਿੰ. ਕੁਲਵੀਰ ਸਿੰਘ, ਪਵਨ ਕੁਮਾਰ ਰੱਤੂ, ਅਸੋਕ ਕੁਮਾਰ, ਮਨਜੀਤ ਰਾਮ, ਸੁਨੀਲ ਕੁਮਾਰ, ਗੁਰਬਖਸ ਰਾਮ ਆਦਿ ਹਾਜ਼ਰ ਸਨ। ਉਧਰ ਇਸ ਸਬੰਧੀ ਸਾਬਕਾ ਵਿਧਾਇਕ ਅੰਗਦ ਸਿੰਘ ਅਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਰਮਨ ਕੁਮਾਰ ਮਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।