- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਲੋਕ ਬੇਹੱਦ ਪ੍ਰੇਸ਼ਾਨ-ਤਹਿਸੀਲ ਪ੍ਰਧਾਨ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਤਹਿਸੀਲ ਪ੍ਰਧਾਨ ਅਮਰਜੀਤ ਸਿੰਘ ਸਾਬਕਾ ਸਰਪੰਚ ਏਡੀਬੀ ਬੇਲਾ ਤਾਜੋਵਾਲ ਨੇ ਸੂਬੇ ਵਿਚ ਹਰ ਰੋਜ਼ ਲੱਗ ਰਹੇ ਬਿਜਲੀ ਦੇ ਅਣਐਲਾਨੇ ਵਾਰ-ਵਾਰ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਲਗਾਤਾਰ ਪ੍ਰਭਾਵਿਤ ਹੋਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਪਾਵਰ ਕਾਮ ਵੱਲੋਂ ਵਾਰ-ਵਾਰ ਲਗਾਏ ਜਾ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਇਸ ਵੇਲੇ ਜ਼ਿਮੀਂਦਾਰਾਂ ਦੀ ਝੋਨੇ ਦੀ ਫਸਲ ਪੱਕਣ ਵਾਲੀ ਹੈ, ਜਿਸ ਨੂੰ ਇਸ ਵੇਲੇ ਪਾਣੀ ਦੀ ਸਖ਼ਤ ਜ਼ਰੂਰਤ ਹੈ। ਇਸ ਲਈ ਕਿਸਾਨਾਂ ਲਈ ਨਿਰਵਿਘਨ ਅਤੇ ਨਿਰਧਾਰਿਤ ਸਮੇਂ ਅਨੁਸਾਰ ਬਿਜਲੀ ਸਪਲਾਈ ਬਹੁਤ ਜ਼ਰੂਰੀ ਹੈ। ਖੇਤੀਬਾੜੀ ਅਤੇ ਸਿੰਚਾਈ ਦਾ ਕੰਮ ਬਿਜਲੀ ਸਪਲਾਈ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਹਰ ਰੋਜ਼ ਲੱਗ ਰਹੇ ਬਿਜਲੀ ਕੱਟਾਂ ਦਾ ਅਸਲ ਕਾਰਨ ਕੀ ਹੈ। ਉਨ੍ਹਾਂ ਪੁੱਛਿਆ ਕਿ ਕਿਸਾਨਾਂ ਨੂੰ ਨਿਰਵਿਘਨ ਅਤੇ ਨਿਰਧਾਰਤ ਸਮੇਂ ਮੁਤਾਬਿਕ ਬਿਜਲੀ ਕਿਉਂ ਨਹੀਂ ਮਿਲ ਰਹੀ ਅਤੇ ਬਿਜਲੀ ਸਪਲਾਈ ਵਿਚ ਆ ਰਹੀਆਂ ਤਕਨੀਕੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਵੀ ਸਪੱਸਟ ਕਰੇ ਕਿ ਪੁਰਾਣੇ ਢਾਂਚੇ ਅਤੇ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬਿਨਾਂ ਅਗਾਊਂ ਜਾਣਕਾਰੀ ਦਿੱਤੇ ਲੱਗਣ ਵਾਲੇ ਬਿਜਲੀ ਕੱਟਾਂ ਲਈ ਜਵਾਬ ਦੇਹੀ ਕਿਸ ਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਰਫ ਬਿਆਨਾਂ ਤੱਕ ਸੀਮਿਤ ਰਹਿਣ ਦੀ ਬਜਾਏ ਲੰਬੇ ਸਮੇਂ ਲਈ ਮਜ਼ਬੂਤ ਬਿਜਲੀ ਪ੍ਰਬੰਧ, ਬਿਹਤਰ ਵੰਡ ਪ੍ਰਣਾਲੀ ਅਤੇ ਜਵਾਬਦੇਹੀ ਵਾਲਾ ਸਿਸਟਮ ਤਿਆਰ ਕਰਨਾ ਚਾਹੀਦਾ ਹੈ।