ਆਧੁਨਿਕ ਮੈਡੀਕਲ ਸਹੂਲਤਾਂ ਨਾਲ ਮਰੀਜ਼ਾਂ ਨੂੰ ਮਿਲੇਗਾ ਹੋਰ ਬਿਹਤਰ ਇਲਾਜ : ਸਿਵਲ ਸਰਜਨ ਆਧੁਨਿਕ ਮੈਡੀਕਲ ਸਹੂਲਤਾਂ ਨਾਲ ਮਰੀਜ਼ਾਂ ਨੂੰ ਮਿਲੇਗਾ ਹੋਰ ਬਿਹਤਰ ਇਲਾਜ-ਸਿਵਲ ਸਰਜਨ ਡਾ. ਅਮਨ ਸੂਦ
Publish Date: Fri, 09 Oct 2026 03:59 PM (IST)
Updated Date: Fri, 09 Oct 2026 04:02 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਮਰੀਜ਼ਾਂ ਨੂੰ ਮਿਆਰੀ ਤੇ ਆਧੁਨਿਕ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਅਹਿਮ ਉਪਰਾਲੇ ਤਹਿਤ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਵੱਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਤਹਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਕਰੀਬ 22 ਲੱਖ ਰੁਪਏ ਦੀ ਕੀਮਤ ਦੇ ਮੈਡੀਕਲ ਉਪਕਰਨ ਡੋਨੇਟ ਕੀਤੇ ਗਏ। ਇਹ ਸਾਜ਼ੋ-ਸਮਾਨ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਦੇ ਪਲਾਂਟ ਹੈੱਡ ਵਿਨੀਤ ਗੁਪਤਾ ਵੱਲੋਂ ਵੀ ਕੇਅਰ ਸੋਸ਼ਲ ਟਰੱਸਟ ਰਾਹੀਂ ਸਿਵਲ ਸਰਜਨ ਡਾ. ਅਮਨ ਸੂਦ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਬਸਰਾ ਨੂੰ ਸੌਂਪਿਆ ਗਿਆ। ਪਿਛਲੇ ਸਮੇਂ ਤੋਂ ਕੰਪਨੀ ਵੱਲੋਂ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਲਗਾਤਾਰ ਮੈਡੀਕਲ ਸਾਜ਼ੋ-ਸਮਾਨ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਅਮਨ ਸੂਦ ਨੇ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਅਤੇ ਵੀ ਕੇਅਰ ਸੋਸ਼ਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਾਜ਼ੋ-ਸਮਾਨ ਨਾਲ ਸਿਵਲ ਹਸਪਤਾਲ ਦੀਆਂ ਸਿਹਤ ਸੇਵਾਵਾਂ ਅਤੇ ਮੈਡੀਕਲ ਸਮਰੱਥਾ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਆਧੁਨਿਕ ਉਪਕਰਨ ਉਪਲਬਧ ਹੋਣ ਨਾਲ ਮਰੀਜ਼ਾਂ ਨੂੰ ਆਪਣੇ ਜ਼ਿਲ੍ਹੇ ਵਿੱਚ ਹੀ ਬਿਹਤਰ ਅਤੇ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ, ਸੁਚੱਜੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਅਦਾਰਿਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਿਹਤ ਵਿਭਾਗ ਨੂੰ ਦਿੱਤਾ ਜਾ ਰਿਹਾ ਸਹਿਯੋਗ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ।।ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਦੇ ਪਲਾਂਟ ਹੈੱਡ ਵਿਨੀਤ ਗੁਪਤਾ ਨੇ ਕਿਹਾ ਕਿ ਕੰਪਨੀ ਆਪਣੀ ਸੀਐੱਸਆਰ ਜ਼ਿੰਮੇਵਾਰੀ ਤਹਿਤ ਸਮਾਜ ਦੀ ਭਲਾਈ ਅਤੇ ਖਾਸ ਕਰਕੇ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਲਈ ਯੋਗਦਾਨ ਪਾਉਣ ਨੂੰ ਮਹੱਤਵ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਆਧੁਨਿਕ ਮੈਡੀਕਲ ਉਪਕਰਨਾਂ ਦੀ ਉਪਲਬਧਤਾ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਹੋਰ ਵਧੀਆ ਲਾਭ ਮਿਲੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕ ਭਲਾਈ ਨਾਲ ਜੁੜੇ ਅਜਿਹੇ ਉਪਰਾਲਿਆਂ ਵਿੱਚ ਕੰਪਨੀ ਵੱਲੋਂ ਆਪਣਾ ਸਹਿਯੋਗ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਐੱਮਐੱਲਏ ਨਛੱਤਰ ਪਾਲ ਸਿੰਘ, ਆਪ ਆਗੂ ਕਮਲਜੀਤ ਲਾਲ, ਵੀ ਕੇਅਰ ਸੋਸ਼ਲ ਟਰੱਸਟ ਦੇ ਪ੍ਰਧਾਨ ਰਜਨੀਸ਼ ਆਂਗਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ਮੈਨੇਜਰ ਸੰਦੀਪ ਸ਼ਰਮਾ, ਪ੍ਰੋਡਕਸ਼ਨ ਹੈੱਡ ਡਾ. ਸੌਰਭ ਪਾਂਡੇ, ਡਾ. ਧਰਮਿੰਦਰ ਸਿੰਘ, ਡਾ. ਅਮਿਤ ਕੁਮਾਰ, ਡਾ. ਸੰਦੀਪ, ਡਾ. ਹਨੀ, ਸਿਵਲ ਸਰਜਨ ਦੇ ਪੀਏ ਅਜੇ ਕੁਮਾਰ ਅਤੇ ਸੀਨੀਅਰ ਫਾਰਮੇਸੀ ਅਫ਼ਸਰ ਪਰਮਵੀਰ ਸਿੰਘ ਪ੍ਰਿੰਸ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।