ਸਿੱਖ ਨੈਸ਼ਨਲ ਕਾਲਜ ’ਚ ‘ਪਰਵਾਜ਼-2026’ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਸਿੱਖ ਨੈਸ਼ਨਲ ਕਾਲਜ 'ਚ 'ਪਰਵਾਜ਼-2026' ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
Publish Date: Sat, 03 Oct 2026 04:02 PM (IST)
Updated Date: Sat, 03 Oct 2026 04:04 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰ. ਡਾ. ਇੰਦੂ ਰੱਤੀ ਦੀ ਅਗਵਾਈ ਹੇਠ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਪਰਵਾਜ਼-2026 ਨਾਮਕ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਕਲਾ, ਪ੍ਰਤਿਭਾ, ਸਿਰਜਣਾਤਮਕ ਸੋਚ ਅਤੇ ਸੱਭਿਆਚਾਰਕ ਵਿਰਾਸਤ ਨੂੰ ਮੰਚ ਤੇ ਪੇਸ਼ ਕਰਨ ਲਈ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੌਰਾਨ ਵਰਿੰਦਰ ਰੱਤੀ ਰਿਟਾ. ਇਲੈਕਟ੍ਰੀਕਲ ਇੰਜੀਨੀਅਰ, ਕਰਾਈਸਲਰ ਕੈਨੇਡਾ ਅਤੇ ਸਾਬਕਾ ਅਫ਼ਸਰ ਨੇਵੀ ਤੇ ਮਰਚੈਂਟ ਨੇਵੀ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਆਰਕੀਟੈਕਟ ਧੀਰਜ ਸ਼ਰਮਾ ਅਤੇ ਤਰੁਨਦੀਪ ਆਨੰਦ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਪ੍ਰਿੰ. ਡਾ. ਇੰਦੂ ਰੱਤੀ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਪੂਰਵਕ ਸ਼ਬਦਾਂ ਨਾਲ ਸਵਾਗਤ ਕੀਤਾ। ਉਨ੍ਹਾਂ ਮਹਿਮਾਨਾਂ ਨੂੰ ਕਾਲਜ ਵਿਚ ਚੱਲ ਰਹੀਆਂ ਵੱਖ-ਵੱਖ ਅਕਾਦਮਿਕ, ਸੱਭਿਆਚਾਰਕ, ਕਲਾਤਮਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਜੋਨਲ ਯੁਵਕ ਮੇਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਸੱਭਿਆਚਾਰਕ ਮੰਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵ ਪੂਰਨ ਹੁੰਦੇ ਹਨ। ਅਜਿਹੇ ਮੰਚ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ-ਭਾਵਨਾ, ਨੇਤ੍ਰਿਤਵ-ਗੁਣ ਅਤੇ ਸਿਰਜਣਾਤਮਕਤਾ ਦਾ ਵਿਕਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੈਣਾ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਦਾ ਹੈ। ਪਰਵਾਜ਼-2026 ਦੌਰਾਨ ਵਿਦਿਆਰਥੀਆਂ ਵੱਲੋਂ ਸੰਗੀਤ, ਲੋਕ ਨਾਚ, ਪੱਛਮੀ ਸੰਗੀਤ, ਗਾਇਨ, ਨ੍ਰਿਤ ਅਤੇ ਹੋਰ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ। ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਮਿਹਨਤ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਪੰਜਾਬੀ ਲੋਕ ਵਿਰਸੇ ਨਾਲ ਜੁੜੀਆਂ ਪੇਸ਼ਕਾਰੀਆਂ ਨੇ ਸਮਾਗਮ ਵਿਚ ਰਵਾਇਤੀ ਰੰਗ ਭਰ ਦਿੱਤਾ, ਜਦਕਿ ਆਧੁਨਿਕ ਅਤੇ ਪੱਛਮੀ ਸੱਭਿਆਚਾਰਕ ਰੂਪਾਂ ਨੇ ਪ੍ਰੋਗਰਾਮ ਨੂੰ ਨਵੀਂ ਦਿਸ਼ਾ ਅਤੇ ਵਿਭਿੰਨਤਾ ਪ੍ਰਦਾਨ ਕੀਤੀ। ਸਮਾਗਮ ਦੀ ਸਫ਼ਲਤਾ ਵਿਚ ਡੀਨ ਕਲਾ ਤੇ ਸੱਭਿਆਚਾਰ ਵਿਭਾਗ ਡਾ. ਗੁਰਵਿੰਦਰ ਸਿੰਘ ਅਤੇ ਸਹਾਇਕ ਡੀਨ ਪ੍ਰੋ. ਮਨਮੰਤ ਸਿੰਘ ਦੀ ਅਗਵਾਈ ਹੇਠ ਵਿਭਾਗ ਦੇ ਸਮੂਹ ਮੈਂਬਰਾਂ ਵੱਲੋਂ ਕੀਤੇ ਗਏ ਯਤਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਨਿਰਮਲਜੀਤ ਕੌਰ, ਪ੍ਰੋ. ਤਜਿੰਦਰ ਸਿੰਘ ਅਤੇ ਪ੍ਰੋ. ਪੂਜਾ ਨੇ ਬਾਖੂਬੀ ਨਿਭਾਈ। ਪਰਵਾਜ਼-2026 ਨੇ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੀ ਕਲਾ, ਸੱਭਿਆਚਾਰਕ ਵਿਰਾਸਤ, ਪ੍ਰਤਿਭਾ ਅਤੇ ਸਿਰਜਣਾਤਮਕ ਸਮਰੱਥਾ ਨੂੰ ਵਿਸ਼ਾਲ ਮੰਚ ਤੇ ਪੇਸ਼ ਕਰਨ ਦਾ ਸੁੰਦਰ ਮੌਕਾ ਪ੍ਰਦਾਨ ਕੀਤਾ। ਸਮਾਗਮ ਦੌਰਾਨ ਕਾਲਜ ਦਾ ਮਾਹੌਲ ਵਿਦਿਆਰਥੀਆਂ ਦੀਆਂ ਜੋਸ਼ੀਲੀਆਂ ਅਤੇ ਰੰਗਾ-ਰੰਗ ਪੇਸ਼ਕਾਰੀਆਂ ਨਾਲ ਉਤਸ਼ਾਹਪੂਰਨ ਬਣਿਆ ਰਿਹਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਿਹਾ। ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ।।ਡੀਨ ਸੱਭਿਆਚਾਰਕ ਮਾਮਲੇ ਡਾ. ਗੁਰਵਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।