ਖੇਲੋ ਇੰਡੀਆ ਸੰਵਾਦ ’ਚ ਲਿਆ ਹਿੱਸਾ ਖੇਲੋ ਇੰਡੀਆ ਸੰਵਾਦ ਵਿਚ ਲਿਆ ਭਾਗ
Publish Date: Sun, 30 Aug 2026 04:15 PM (IST)
Updated Date: Sun, 30 Aug 2026 04:16 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸਿੱਖ ਨੈਸ਼ਨਲ ਕਾਲਜ ਬੰਗਾ ਨੂੰ ਖੇਲੋ ਇੰਡੀਆ ਸੰਵਾਦ-ਖੇਲ ਕੀ ਬਾਤ, ਪੀਐੱਮ ਕੇ ਸਾਥ’ ਯੁਵਾ ਕਨੈਕਟ ਸਮਾਗਮ ਵਿਚ ਭਾਗ ਲੈਣ ਦਾ ਮਾਣ ਪ੍ਰਾਪਤ ਹੋਇਆ। ਜਿਸ ਦੌਰਾਨ ਵਿਦਿਆਰਥੀਆਂ ਨੇ ਖੇਡਾਂ, ਤੰਦਰੁਸਤੀ ਅਤੇ ਨੌਜਵਾਨਾਂ ਦੀ ਭੂਮਿਕਾ ਨਾਲ ਸਬੰਧਤ ਮਹੱਤਵਪੂਰਨ ਵਿਚਾਰਾਂ ਨੂੰ ਸੁਣਿਆ ਅਤੇ ਸਾਂਝਾ ਕੀਤਾ। ਸਮਾਗਮ ਦੇ ਪਹਿਲੇ ਪੜਾਅ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਇੰਦੂ ਰੱਤੀ ਦੀ ਅਗਵਾਈ ਹੇਠ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਵਾਦ ਨੂੰ ਸੁਣਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪਿਛਲੇ ਬਾਰ੍ਹਾਂ ਸਾਲਾਂ ਦੌਰਾਨ ਭਾਰਤ ਵਿਚ ਖੇਡਾਂ ਦੇ ਖੇਤਰ ਵਿਚ ਹੋਏ ਵਿਕਾਸ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਤੰਦਰੁਸਤ ਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਭਵਿੱਖ ਵਿਚ ਭਾਰਤ ਵੱਲੋਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਸੰਭਾਵਨਾ ਅਤੇ ਖੇਡਾਂ ਦੇ ਖੇਤਰ ਵਿਚ ਭਾਰਤ ਦੀ ਵਧ ਰਹੀ ਭੂਮਿਕਾ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਦੇ ਦੂਜੇ ਪੜਾਅ ਵਿਚ ਸਪੋਰਟਸ ਆਈਕਨ ਵਜੋਂ ਮੋਹਿਤ ਜੂਡੋ ਖਿਡਾਰੀ ਅਤੇ ਉਨ੍ਹਾਂ ਦੇ ਕੋਚ ਜਤਿਨ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਟ੍ਰੇਨਿੰਗ ਸੈਂਟਰ ਲੁਧਿਆਣਾ ਤੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਮੋਹਿਤ ਨੇ ਵਿਦਿਆਰਥੀਆਂ ਨਾਲ ਆਪਣੇ ਖੇਡ ਅਨੁਭਵ ਸਾਂਝੇ ਕਰਦਿਆਂ ਮਿਹਨਤ, ਅਨੁਸ਼ਾਸਨ, ਲਗਨ ਅਤੇ ਨਿਰੰਤਰ ਅਭਿਆਸ ਨੂੰ ਸਫਲਤਾ ਦੀ ਕੁੰਜੀ ਦੱਸਿਆ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਵਲੰਟੀਅਰ ਪਰਵੀਨ ਰੱਲ ਅਤੇ ਸੁਖਮਨਵੀਰ ਸਿੰਘ ਨੇ ਵੀ ਯੁਵਾ ਸੰਵਾਦ ਤਹਿਤ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿਚ ਖੇਡਾਂ ਦੀ ਮਹੱਤਤਾ ਅਤੇ ਸਮਾਜ ਪ੍ਰਤੀ ਨੌਜਵਾਨਾਂ ਦੀ ਜ਼ਿੰਮੇਵਾਰੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।।ਇਸ ਮੌਕੇ ਕਾਲਜ ਅਥਲੀਟ ਇੰਦਰਜੋਤ ਕੌਰ ਵੱਲੋਂ ਵਿਕਸਿਤ ਭਾਰਤ ਨਸ਼ਾ-ਮੁਕਤ ਭਾਰਤ‘ਦਾ ਅਹਿਦ ਵੀ ਵਿਦਿਆਰਥੀਆਂ ਨਾਲ ਲਿਆ। ਸਮਾਗਮ ਵਿਚ ਡੀਡੀ ਨਿਊਜ ਤੋਂ ਸ਼ਾਮ ਅਤੇ ਪ੍ਰੋ. ਆਬਿਦ ਵਕਾਰ, ਡਾ. ਹਰਜੋਤ ਸਿੰਘ ਅਤੇ ਡਾ. ਸੁਨਿਧੀ ਮਿਗਲਾਨੀ, ਪ੍ਰੋ..ਤਜਿੰਦਰ ਸਿੰਘ, ਪ੍ਰੋ..ਮਨਰਾਜ ਕੌਰ, ਪ੍ਰੋ. ਪੱਲਵੀ, ਖੇਡ ਕੋਚ ਜਸਵੀਰ ਭਾਰਟਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਮਾਗਮ ਦੇ ਸੂਤਰਧਾਰ ਪ੍ਰੋਗਰਾਮ ਅਫ਼ਸਰ ਡਾ. ਨਿਰਮਲਜੀਤ ਕੌਰ ਰਹੇ। ਜਦਕਿ ਸੀਨੀਅਰ ਪ੍ਰੋਗਰਾਮ ਅਫ਼ਸਰ ਡਾ. ਵਿਪਨ ਵੱਲੋਂ ਸਮਾਗਮ ਵਿਚ ਸ਼ਾਮਲ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਮਾਈ ਭਾਰਤ ਪੋਰਟਲ ਰਜਿਸਟ੍ਰੇਸ਼ਨ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੇਡਾਂ ਪ੍ਰਤੀ ਆਪਣੀ ਦਿਲਚਸਪੀ ਅਤੇ ਨੌਜਵਾਨ ਸ਼ਕਤੀ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਦਾ ਸੰਦੇਸ਼ ਦਿੱਤਾ।