ਪੇਪਰ ਮਿੱਲ ਦੇ ਵਰਕਰਾਂ ਨੇ ਮੰਗਾਂ ਸਬੰਧੀ ਕੀਤੀ ਗੇਟ ਰੈਲੀ ਪੇਪਰ ਮਿੱਲ੍ਹ ਦੇ ਵਰਕਰਾਂ ਨੇ ਆਪਣੀਆਂ ਮੰਗਾਂ ਸੰਬੰਧੀ ਕੀਤੀ ਗੇਟ ਰੈਲੀ
Publish Date: Fri, 02 Oct 2026 05:07 PM (IST)
Updated Date: Fri, 02 Oct 2026 05:07 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਸ੍ਰੀਆਂਸ ਪੇਪਰ ਮਿੱਲ ਵਰਕਰ ਯੂਨੀਅਨ ਸੀਟੂ ਦੇ ਪ੍ਰਧਾਨ ਸੁਖਦੇਵ ਸਿੰਘ ਕਸਾਣਾ ਦੀ ਪ੍ਰਧਾਨਗੀ ਹੇਠ ਕੰਪਨੀ ਮੈਨੇਜਮੈਂਟ ਦੀਆਂ ਵਧੀਕੀਆਂ ਖ਼ਿਲਾਫ਼ ਕੰਪਨੀ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ। ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਪੇਪਰ ਮਿੱਲ ਮੈਨੇਜਮੈਂਟ ਵੱਲੋਂ ਵਰਕਰਾਂ ਨਾਲ ਪਿਛਲੇ ਕਾਫੀ ਸਮੇਂ ਤੋਂ ਵਧੀਕੀ ਕੀਤੀ ਜਾ ਰਹੀ ਸੀ। ਸਮੇ-ਸਮੇਂ ’ਤੇ ਵਰਕਰਜ਼ ਯੂਨੀਅਨ ਵੱਲੋਂ ਹੋ ਰਹੀਆਂ ਵਧੀਕੀਆਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਿਆ ਗਿਆ, ਜਿਸ ਕਰ ਕੇ ਕੁਝ ਮੰਗਾਂ ਦੀ ਪ੍ਰਾਪਤੀ ਵੀ ਹੋਈ ਹੈ। ਹਰੇ ਰਾਮ ਯਾਦਵ ਜਨਰਲ ਸਕੱਤਰ ਨੇ ਦੱਸਿਆ ਕਿ ਪਿਛਲੇ ਦਿਨੀਂ ਪੇਪਰ ਮਿੱਲ ਦੀ ਮੈਨੇਜਮੈਂਟ ਵੱਲੋਂ ਇੱਕ ਸਾਜਿਸ਼ ਤਹਿਤ ਪ੍ਰਧਾਨ ਸੁਖਦੇਵ ਸਿੰਘ ਨੂੰ ਪੇਪਰ ਮਿੱਲ ਵਿਚ ਕੰਮ ਕਰਨ ’ਤੇ ਰੋਕ ਲਗਾ ਕੇ ਗੇਟ ਬੰਦ ਕਰ ਦਿੱਤਾ ਅਤੇ ਬਿਨਾਂ ਚਾਰਜ ਸ਼ੀਟ ਦਿੱਤਿਆਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਸੀ। ਜਿਸ ਦੇ ਖ਼ਿਲਾਫ਼ ਲੇਬਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਸ਼ਾਂਤਮਈ ਧਰਨਾ ਦਿੱਤਾ। ਜਿਸ ਵਿਚ ਵਰਕਰਜ਼ ਯੂਨੀਅਨ ਦੀ ਜਿੱਤ ਹੋਈ ਤਾਂ ਕੰਪਨੀ ਵੱਲੋਂ ਬਦਲੇ ਖੋਰੇ ਦੀ ਭਾਵਨਾ ਨਾਲ ਕੁਝ ਦਿਨਾਂ ਲਈ ਗੇਟ ਬੰਦ ਕਰ ਦਿੱਤਾ ਗਿਆ ਸੀ। ਕੰਪਨੀ ਵਰਕਰਜ਼ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਆਉਂਦੇ ਰਹੇ ਅਤੇ ਬੰਦ ਪਏ ਗੇਟ ਅੱਗੇ ਬੈਠ ਕੇ ਵਾਪਸ ਚਲੇ ਜਾਂਦੇ ਰਹੇ। ਕੰਪਨੀ ਵਰਕਰ ਸ਼ਿਫਟਾਂ ਮੁਤਾਬਿਕ ਕੰਮ ’ਤੇ ਜਾਂਦੇ ਰਹੇ ਤੇ ਮੈਨੇਜਮੈਂਟ ਇਨ੍ਹਾਂ ਦੀ ਹਾਜ਼ਰੀ ਲਗਾ ਕੇ ਏਐੱਲਸੀ ਅਤੇ ਸਿਵਲ ਪ੍ਰਸ਼ਾਸਨ ਨੂੰ ਭੇਜਦੀ ਰਹੀ। ਸੀਟੂ ਦੇ ਸੂਬਾਈ ਜਨਰਲ ਸਕੱਤਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕੀਤਾ ਸੀ। ਕੰਪਨੀ ਵੱਲੋਂ ਸਾਰੇ ਵਰਕਰਾਂ ਨੂੰ ਡਿਊਟੀ ’ਤੇ ਲੈ ਲਿਆ ਪਰ ਪੇਪਰ ਮਿੱਲ ਵੱਲੋਂ ਵਰਕਰਾਂ ਦੀ ਅੱਠ ਦਿਨਾਂ ਦੀ ਤਨਖਾਹ ’ਤੇ ਕੱਟ ਲਗਾ ਦਿੱਤਾ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕੱਟੀ ਤਨਖਾਹ ਵਰਕਰਾਂ ਨੂੰ ਦਿੱਤੀ ਜਾਵੇ। ਜੇਕਰ ਜਲਦੀ ਹੀ ਵਰਕਰਾਂ ਨੂੰ ਕੱਟੀ ਤਨਖਾਹ ਨਾ ਦਿੱਤੀ ਗਈ ਤਾਂ ਮੈਨੇਜਮੈਂਟ ਦੁਬਾਰਾ ਵਰਕਰਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਦੱਸਿਆ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ। ਜਦੋਂ ਤੱਕ ਵਰਕਰਾਂ ਦੀ ਕੱਟੀ ਤਨਖਾਹ ਉਨ੍ਹਾਂ ਨੂੰ ਨਹੀਂ ਮਿਲ ਜਾਂਦੀ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਕਸਾਣਾ, ਹਰੇ ਰਾਮ ਯਾਦਵ ਜਨਰਲ ਸਕੱਤਰ, ਪਰਮਿੰਦਰ ਸਿੰਘ ਕੰਗ, ਚੰਦਨ ਯਾਦਵ, ਰਾਜ ਕੁਮਾਰ, ਗੁਰਵਿੰਦਰ ਕੁਮਾਰ ਅਤੇ ਸਮੂਹ ਕੰਪਨੀ ਵਰਕਰ ਮੌਜੂਦ ਸਨ।