ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮ ਕੈਬਨਿਟ ਮੰਤਰੀ ਦੇ ਘਰ ਅੱਗੇ ਦੇਣਗੇ ਧਰਨਾ ਸੀਵਰੇਜ ਬੋਰਡ ਦੇ ਆਉਟਸੋਰਸ ਮੁਲਾਜਮ ਕੈਬਨਿਟ ਮੰਤਰੀ ਦੇ ਘਰ ਅੱਗੇ ਧਰਨਾ ਦੇਣਗੇ
Publish Date: Fri, 28 Aug 2026 04:25 PM (IST)
Updated Date: Fri, 28 Aug 2026 04:28 PM (IST)
- ਐੱਸਡੀਐੱਮ ਬੰਗਾ ਨੂੰ ਦਿੱਤਾ ਮੰਗ ਪੱਤਰ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਦੀ ਬੰਗਾ ਵਿਖੇ ਟਿਊਬਲ ਨੰ.-1 ’ਤੇ ਵਿਸ਼ੇਸ਼ ਮੀਟਿੰਗ ਹੋਈ। ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ ਅਤੇ ਸੈਕਸ਼ਨ ਬੰਗਾ ਦੇ ਮੁਲਾਜ਼ਮਾਂ ਵੱਲੋਂ ਬੰਗਾ ਦੇ ਐੱਸਡੀਐੱਮ ਵਿਪਨ ਭੰਡਾਰੀ ਨੂੰ ਮੰਗ ਪੱਤਰ ਦਿੱਤਾ। ਜਿਸ ਵਿਚ ਪੰਜਾਬ ਸਰਕਾਰ ਦੁਆਰਾ ਆਊਟ ਸੋਰਸ ਮੁਲਾਜ਼ਮਾਂ ਨੂੰ ਸਿੱਧਾ ਵਿਭਾਗ ਵਿਚ ਕੰਟਰੈਕਟ ’ਤੇ ਕਰਨ ਲਈ ਜੋ ਐਕਟ ਬਣਾਇਆ। ਉਸ ਵਿਚ ਕਈ ਮਹਿਕਮਿਆਂ ਦੀ ਤਰ੍ਹਾਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਐਕਟ ਵਿਚ ਸ਼ਾਮਲ ਨਹੀਂ ਕੀਤਾ। ਜਦਕਿ ਸੀਵਰੇਜ ਬੋਰਡ ਵਿਚ ਕੰਮ ਕਰਦੇ ਮੁਲਾਜ਼ਮ ਜਿਹੜੇ ਕਿ 15 ਤੋਂ 20 ਸਾਲ, 20 ਤੋਂ 25 ਸਾਲ ਅਤੇ 25 ਤੋਂ 30 ਸਾਲ ਅੰਦਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਡੀ ਜਥੇਬੰਦੀ ਨਾਲ ਵਾਅਦਾ ਕੀਤਾ ਸੀ ਕਿ ਸਾਡੇ ਮਹਿਕਮੇ ਨੂੰ ਐਕਟ ਵਿਚ ਸ਼ਾਮਲ ਕਰਨਗੇ। ਪਰ ਸਰਕਾਰ ਦੁਆਰਾ ਕੀਤਾ ਵਾਅਦਾ ਕੋਰਾ ਝੂਠ ਨਿਕਲਿਆ। ਇਸ ਲਈ ਜਥਬੰਦੀ ਵੱਲੋਂ ਐਕਟ ਵਿਚ ਸੋਧ ਕਰਵਾਉਣ ਲਈ 1 ਸਤੰਬਰ ਮੰਗਲਵਾਰ ਨੂੰ ਪੂਰੇ ਪੰਜਾਬ ਅੰਦਰ ਵਾਟਰ ਸਪਲਾਈ ਅਤੇ ਸੀਵਰੇਜ ਦਾ ਸਾਰਾ ਕੰਮ ਮੁਕੰਮਲ ਬੰਦ ਕਰ ਕੇ ਅਣਮਿੱਥੇ ਸਮੇਂ ਲਈ ਸਥਾਨਕ ਸਰਕਾਰ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਅੱਗੇ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਪੂਰੇ ਪੰਜਾਬ ਅੰਦਰ ਐੱਲਐੱਮਏ ਅਤੇ ਮੰਤਰੀ ਰਾਹੀਂ ਮੰਗ ਪੱਤਰ ਸਰਕਾਰ ਤੱਕ ਪਹੁੰਚਾਉਣ ਲਈ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਐਕਟ ਵਿਚ ਸੋਧ ਕੀਤੀ ਜਾਵੇ ਅਤੇ ਪੂਰੇ ਪੰਜਾਬ ਅੰਦਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜਨਰਲ ਸਕੱਤਰ ਸੁਖਦੇਵ ਕੁਮਾਰ, ਲੱਕੀ ਘਈ, ਸੰਦੀਪ ਕੁਮਾਰ, ਮਨਦੀਪ, ਜੈ ਕੁਸ਼, ਜਸਵੀਰ, ਬਲਵਿੰਦਰ, ਅਸ਼ੀਸ਼, ਜਗਤਾਰ, ਮਨਜੀਤ ਸਿੰਘ, ਗੁਲਸ਼ਨ ਕੁਮਾਰ, ਆਜਾਦ ਸਿੰਘ, ਰੋਹਿਤ ਘਈ, ਰਾਜ ਕੁਮਾਰ, ਸਤਨਾਮ, ਰਾਹੁਲ ਆਦਿ ਹਾਜ਼ਰ ਸਨ।