ਹੜਤਾਲ ਕਾਰਨ ਠੱਪ ਰਿਹਾ ਤਹਿਸੀਲ ਕੰਪਲੈਕਸ ਬਲਾਚੌਰ ਦਾ ਕੰਮਕਾਜ ਹੜਤਾਲ ਕਾਰਨ ਠੱਪ ਰਿਹਾ ਤਹਿਸੀਲ ਕੰਪਲੈਕਸ ਬਲਾਚੌਰ ਦਾ ਕੰਮ ਕਾਜ
Publish Date: Fri, 28 Aug 2026 04:16 PM (IST)
Updated Date: Fri, 28 Aug 2026 04:19 PM (IST)
- ਲੋਕ ਬੇਰੰਗ ਘਰਾਂ ਨੂੰ ਪਰਤੇ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪੰਜਾਬ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਦਿੱਤੀ ਬੰਦ ਦੀ ਕਾਲ ’ਤੇ ਤਹਿਸੀਲ ਕੰਪਲੈਕਸ ਬਲਾਚੌਰ ਵਿਖੇ ਦਫ਼ਤਰੀ ਕੰਮਕਾਜ ਠੱਪ ਰਹਿਣ ਕਾਰਨ ਲੋਕ ਬੇਰੰਗ ਘਰਾਂ ਨੂੰ ਪਰਤਨ ਲਈ ਮਜਬੂਰ ਹੋਏ। ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈਣ ਕਾਰਨ ਦਫ਼ਤਰ ਬੰਦ ਰਹੇ ਅਤੇ ਤਹਿਸੀਲ ਕੰਪਲੈਕਸ ਦੇ ਵਿਹੜੇ ਵਿੱਚ ਸੁੰਨ ਪਰਸੀ ਰਹੀ। ਜ਼ਿਕਰਯੋਗ ਹੈ ਕਿ ਜਦੋਂ ਤੋਂ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਹੈ, ਉਦੋ ਤੋਂ ਹੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਮੁੱਖ ਮੰਤਰੀ ਵੱਲੋਂ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਰੱਦ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਵਿੱਤ ਮੰਤਰੀ ਵੱਲੋਂ ਸੰਘਰਸ਼ ਕਰਦੀਆਂ ਜਥੇਬੰਦੀਆਂ ਨੂੰ ਐਂਟੀ ਸਟੇਟ ਦੱਸਿਆ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਅੱਜ ਸਰਕਾਰੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਦਫ਼ਤਰੀ ਕੰਮ ਕਾਰ ਬੰਦ ਰੱਖਿਆ। ਸੇਵਾਮੁਕਤ ਪਟਵਾਰ ਯੂਨੀਅਨ ਬਲਾਚੌਰ ਦੇ ਪ੍ਰਧਾਨ ਗਿਆਨ ਸਿੰਘ ਭਨੂੰ ਵੱਲੋਂ ਸੂਬਾ ਸਰਕਾਰ ਦੀ ਅੱਜ ਕਰੜੇ ਸ਼ਬਦਾਂ ਨਿਖੇਧੀ ਕਰਦੇ ਕਿਹਾ ਕਿ ਆਪ ਸਰਕਾਰ ਦਾ ਮੁਲਾਜ਼ਮ ਅਤੇ ਪੈਨਸ਼ਨਰਾਂ ਪ੍ਰਤੀ ਅਤੀ ਮਾੜੇ ਵਤੀਰੇ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਉਨ੍ਹਾਂ ਆਖਿਆ ਕਿ ਡੀਏ ਦੇ ਮਾਮਲੇ ਵਿਚ ਸਰਕਾਰ ਨੇ ਹਾਈ ਕੋਰਟ ਵਿਚ ਬੜੀ ਢੀਠਤਾਈ ਨਾਲ ਅੜੀ ਫੜ ਰੱਖੀ ਹੈ ਕਿ ਸਰਕਾਰ ਦੀ ਮਰਜ਼ੀ ਹੈ ਕਿ ਡੀਏ ਦੇਣਾ ਜਾਂ ਨਹੀ ਦੇਣਾ। ਪਰ ਮਾਣਯੋਗ ਅਦਾਲਤ ਦੇ ਸਿੰਗਲ ਅਤੇ ਡਬਲ ਬੈਂਚ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਇਤਿਹਾਸਕ ਫੈਸਲਾ ਦਿੱਤਾ ਹੈ। ਪੰਜਾਬ ਸਰਕਾਰ ਤੇ ਟਿੱਪਣੀ ਕੀਤੀ ਹੈ ਕਿ ਡੀਏ ਮੁਲਾਜ਼ਮਾਂ ਦਾ ਹੱਕ ਹੈ ਕੋਈ ਖੈਰਾਤ ਨਹੀਂ ਹੈ। ਉਨ੍ਹਾਂ ਆਖਿਆ ਕਿ ਸਰਕਾਰ ਇਹ ਵਾਰ ਵਾਰ ਕਹਿ ਰਹੀ ਹੈ ਕਿ ਡੀਏ ਤੋਂ ਬਿਨਾਂ ਵੀ ਮੁਲਾਜ਼ਮ ਦੇਸ਼ ਦੇ ਬਾਕੀ ਮੁਲਾਜ਼ਮਾਂ ਤੋਂ ਵੱਧ ਤਨਖਾਹ ਲੈ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੰਤਰੀ ਵੀ ਭੁੱਲ ਗਏ ਹਨ ਕਿ ਪੰਜਾਬ ਦੇ ਵਿਧਾਇਕ ਦੇਸ਼ ਦੇ ਬਾਕੀ ਸੂਬਿਆਂ ਦੇ ਵਿਧਾਇਕਾਂ ਤੋਂ ਵੱਧ ਤਨਖਾਹਾਂ ਅਤੇ ਭੱਤੇ ਲੈ ਰਹੇ ਹਨ। ਉਨ੍ਹਾਂ ਪੰਜਾਬ ਪੱਧਰ ਦੀਆਂ ਸਾਰੀਆ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਅੱਜ ਦੀ ਹੜਤਾਲ ਨੂੰ ਕਾਮਯਾਬ ਕਰਨ ਵਿਚ ਭਾਗੇਦਾਰੀ ਪਾਈ।