3 ਦਸੰਬਰ ਨੂੰ ਰੂਟ 2 ਤੇ 3 ਦੀਆਂ ਸ਼ੋਭਾ ਯਾਤਰਾਵਾਂ ਜ਼ਿਲ੍ਹੇ ’ਚੋਂ ਲੰਘਣਗੀਆਂ : ਡੀਸੀ 3 ਦਸੰਬਰ ਨੂੰ ਰੂਟ ਨੰਬਰ 2 ਅਤੇ 3 ਦੀਆਂ ਸ਼ੋਭਾ ਯਾਤਰਾਵਾਂ ਜ਼ਿਲ੍ਹੇ ਵਿੱਚੋਂ ਲੰਘਣਗੀਆਂ: ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ
Publish Date: Thu, 19 Nov 2026 06:04 PM (IST)
Updated Date: Thu, 19 Nov 2026 06:06 PM (IST)
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਰੂਟਾਂ ਦਾ ਕੀਤਾ ਨਿਰੀਖਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੀਆਂ ਜਾ ਰਹੀਆਂ ਸ਼ੋਭਾ ਯਾਤਰਾਵਾਂ ਦੇ ਸੁਚਾਰੂ ਅਤੇ ਸਫ਼ਲ ਸੰਚਾਲਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਸ਼ੋਭਾ ਯਾਤਰਾਵਾਂ ਦੇ ਕੁੱਲ ਚਾਰ ਰੂਟ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਰੂਟ ਨੰਬਰ 2 ਅਤੇ 3 ਦੀਆਂ ਸ਼ੋਭਾ ਯਾਤਰਾਵਾਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀਆਂ ਹੋਈਆਂ 3 ਦਸੰਬਰ ਨੂੰ ਖੁਰਾਲਗੜ੍ਹ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਸੰਪੰਨ ਹੋਣਗੀਆਂ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਸਬੰਧਤ ਅਧਿਕਾਰੀਆਂ ਸਮੇਤ ਸ਼ੋਭਾ ਯਾਤਰਾਵਾਂ ਦੇ ਨਿਰਧਾਰਤ ਰੂਟਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ੋਭਾ ਯਾਤਰਾਵਾਂ ਦੌਰਾਨ ਸੁਰੱਖਿਆ, ਆਵਾਜਾਈ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਏ ਜਾਣ, ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੂਟ ਨੰਬਰ 2 ਦੀ ਸ਼ੋਭਾ ਯਾਤਰਾ 2 ਦਸੰਬਰ 2026 ਨੂੰ ਫਰੀਦਕੋਟ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ 3 ਦਸੰਬਰ ਨੂੰ ਖੁਰਾਲਗੜ੍ਹ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਸੰਪੰਨ ਹੋਵੇਗੀ। ਇਹ ਯਾਤਰਾ 3 ਦਸੰਬਰ ਨੂੰ ਫਗਵਾੜਾ ਤੋਂ ਹੁੰਦੀ ਹੋਈ ਜ਼ਿਲ੍ਹੇ ਵਿਚ ਦਾਖਲ ਹੋਵੇਗੀ। ਜ਼ਿਲ੍ਹੇ ਵਿਚ ਪ੍ਰਵੇਸ਼ ਕਰਨ ਸਮੇਂ ਪਿੰਡ ਮੇਹਲੀ ਵਿਖੇ ਮਾਰਵਲ ਪੈਲੇਸ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੰਗਾ ਵਿਖੇ ਇਹ ਸ਼ੋਭਾ ਯਾਤਰਾ ਐਨਐਚ-344ਏ ਦੇ ਫਲਾਈਓਵਰ ਉੱਪਰੋਂ ਲੰਘਣ ਦੀ ਬਜਾਏ ਪੁਲ ਦੇ ਹੇਠਾਂ ਬਣੀ ਸਰਵਿਸ ਰੋਡ ਰਾਹੀਂ ਅੱਗੇ ਵਧੇਗੀ। ਇਸ ਉਪਰੰਤ ਐਨਐਚ-344ਏ ਬਾਈਪਾਸ ਨੂੰ ਛੱਡ ਕੇ ਨਵਾਂਸ਼ਹਿਰ ਦੇ ਸ਼ਹਿਰ ਵਿਚ ਦਾਖਲ ਹੋਵੇਗੀ ਅਤੇ ਚੰਡੀਗੜ੍ਹ ਚੌਕ ਪਹੁੰਚੇਗੀ। ਉੱਥੋਂ ਲੰਗੜੋਆ ਹੁੰਦੀ ਹੋਈ ਮੁੜ ਐਨਐਚ-344ਏ ਬਾਈਪਾਸ ਰਾਹੀਂ ਮੁਕਾਰਕਪੁਰ ਤੋਂ ਹੁੰਦੀ ਹੋਈ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵੱਲ ਰਵਾਨਾ ਹੋਵੇਗੀ।।ਇਸੇ ਤਰ੍ਹਾਂ ਰੂਟ ਨੰਬਰ 3 ਦੀ ਸ਼ੋਭਾ ਯਾਤਰਾ 1 ਦਸੰਬਰ 2026 ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ 3 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸੰਪੰਨ ਹੋਵੇਗੀ। ਇਹ ਯਾਤਰਾ 3 ਦਸੰਬਰ ਨੂੰ ਰੂਪਨਗਰ ਬਾਈਪਾਸ ਤੋਂ ਹੁੰਦੀ ਹੋਈ ਬਲਾਚੌਰ ਵਿਚ ਦਾਖਲ ਹੋਵੇਗੀ ਅਤੇ ਬਲਾਚੌਰ ਸ਼ਹਿਰ ਵਿੱਚੋਂ ਲੰਘਣ ਉਪਰੰਤ ਗੜ੍ਹਸ਼ੰਕਰ ਵੱਲ ਰਵਾਨਾ ਹੋਵੇਗੀ। ਇਸ ਸ਼ੋਭਾ ਯਾਤਰਾ ਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਪੂਰੇ ਜਾਹੋ-ਜਲਾਲ ਨਾਲ ਸਵਾਗਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਕਿਹਾ ਕਿ ਸ਼ੋਭਾ ਯਾਤਰਾਵਾਂ ਦੌਰਾਨ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਅਤੇ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਰਵਿੰਦ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਪਰਮਿੰਦਰ ਕੌਰ, ਉਪ ਮੰਡਲ ਮੈਜਿਸਟਰੇਟ (ਐੱਸਡੀਐਮ) ਬੰਗਾ ਵਿਪਨ ਭੰਡਾਰੀ, ਉਪ ਮੰਡਲ ਮਜਿਸਟਰੇਟ (ਐੱਸਡੀਐਮ) ਬਲਾਚੌਰ ਕਰਨ ਗੁਪਤਾ ਅਤੇ ਹੋਰ ਅਧਿਕਾਰੀ ਮੌਜੂਦ ਸਨ।