ਨੰਬਰਦਾਰ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂ ਡੀਸੀ ਨੂੰ ਸੌਪਿਆ ਮੰਗ-ਪੱਤਰ
ਨੰਬਰਦਾਰ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂਅ ਡੀਸੀ ਨੂੰ ਸੌਪਿਆ ਮੰਗ ਪੱਤਰ
Publish Date: Thu, 02 Apr 2026 06:36 PM (IST)
Updated Date: Fri, 03 Apr 2026 04:14 AM (IST)

ਮੰਗਾਂ ਪੂਰੀਆਂ ਨਾ ਹੋਣ ਤੇ ਅੰਦੋਲਨ ਦੀ ਧਮਕੀ ਦਿੱਤੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਦੇ ਨੰਬਰਦਾਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪੰਜਾਬ ਨੰਬਰਦਾਰ ਯੂਨੀਅਨ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਮੰਗ ਪੱਤਰ ਸੌਂਪਿਆ। ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ, ਆਮ ਆਦਮੀ ਪਾਰਟੀ ਨੇ ਨੰਬਰਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿਚ ਆਈ ਤਾਂ ਉਨ੍ਹਾਂ ਦਾ ਮਾਣ ਭੱਤਾ ਦੁੱਗਣਾ ਕਰ ਦਿੱਤਾ ਜਾਵੇਗਾ ਤੇ ਨੰਬਰਦਾਰਸ਼ਿਪ ਪ੍ਰਣਾਲੀ ਨੂੰ ਦੁਬਾਰਾ ਵਿਰਾਸਤੀ ਬਣਾਇਆ ਜਾਵੇਗਾ। ਹਾਲਾਂਕਿ, ਚਾਰ ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ, ਇਹ ਵਾਅਦੇ ਅਧੂਰੇ ਰਹੇ। ਨੰਬਰਦਾਰਾਂ ਨੇ ਕਿਹਾ ਕਿ ਮੌਜੂਦਾ ਮਹਿੰਗਾਈ ਵਾਲੇ ਮਾਹੌਲ ਵਿਚ ਉਨ੍ਹਾਂ ਨੂੰ ਮਿਲਣ ਵਾਲਾ ਮਾਣ ਭੱਤਾ ਬਹੁਤ ਘੱਟ ਹੈ।।ਉਨ੍ਹਾਂ ਮੰਗ ਕੀਤੀ ਕਿ ਇਸ ਨੂੰ ਵਧਾ ਕੇ ਘੱਟੋ-ਘੱਟ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ। ਉਨ੍ਹਾਂ ਨੇ ਨੰਬਰਦਾਰਸ਼ਿਪ ਪ੍ਰਣਾਲੀ ਨੂੰ ਦੁਬਾਰਾ ਵਿਰਾਸਤੀ ਬਣਾਉਣ ਦੀ ਆਪਣੀ ਮੰਗ ਨੂੰ ਵੀ ਦੁਹਰਾਇਆ। ਮੰਗ ਪੱਤਰ ਵਿਚ ਜਿਸ ਤਰ੍ਹਾਂ ਨੰਬਰਦਾਰਾਂ ਨੇ 2022 ਵਿਚ ਦੂਜੀਆਂ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕੀਤਾ ਸੀ ਅਤੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਸੀ, ਉਸੇ ਤਰ੍ਹਾਂ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਉਹ ਸਰਕਾਰ ਦਾ ਵਿਰੋਧ ਕਰਨ ਤੋਂ ਨਹੀਂ ਝਿਜਕਣਗੇ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੁਝ ਦਿਨਾਂ ਦੇ ਅੰਦਰ-ਅੰਦਰ ਕੋਈ ਠੋਸ ਫੈਸਲਾ ਨਹੀਂ ਲਿਆ ਤਾਂ ਚੰਡੀਗੜ੍ਹ ਵਿਚ ਜਾਂ ਮੁੱਖ ਮੰਤਰੀ ਦੇ ਨਿਵਾਸ ਦੇ ਸਾਹਮਣੇ ਸੂਬਾ ਪੱਧਰੀ ਰੈਲੀ ਕਰਕੇ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ, ਬਲਬੀਰ ਸਿੰਘ ਹੁਸੈਨਪੁਰ, ਬਿਮਲ ਕੁਮਾਰ ਰਾਹੋਂ, ਜੋਗ ਰਾਜ ਕਿਸ਼ਨਪੁਰਾ, ਸਤਜੀਵਨ ਸਿੰਘ ਫਰਾਲਾ, ਲੇਖ ਰਾਜ ਲੰਗੜੋਆ, ਸੰਤ ਰਾਮ, ਸਵਰਨ ਚੰਦ, ਅਮਰਜੀਤ ਸਿੰਘ ਰਤਨ ਅਤੇ ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੰਬਰਦਾਰ ਮੌਜੂਦ ਸਨ।