ਕਾਲਜ ’ਚ ਐੱਨਐੱਸਐੱਸ ਦਿਵਸ ਮਨਾਇਆ ਕਾਲਜ 'ਚ ਐੱਨਐੱਸਐੱਸ ਦਿਵਸ ਮਨਾਇਆ
Publish Date: Thu, 01 Oct 2026 03:51 PM (IST)
Updated Date: Thu, 01 Oct 2026 03:52 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਕਾਲਜ ਦੇ ਐੱਨਐੱਸਐੱਸ ਯੂਨਿਟ ਵੱਲੋਂ ਐੱਨਐੱਸਐੱਸ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਸੇਵਾ, ਵਾਤਾਵਰਣ ਦੀ ਸੰਭਾਲ, ਸਫ਼ਾਈ ਅਤੇ ਲੋਕ ਭਲਾਈ ਦੇ ਕਾਰਜਾਂ ਨਾਲ ਜੋੜਨਾ ਸੀ। ਸਮਾਗਮ ਦੀ ਸ਼ੁਰੂਆਤ ਵਿਚ ਪ੍ਰੋਗਰਾਮ ਅਫ਼ਸਰ ਪ੍ਰੋ. ਜਗਵਿੰਦਰ ਸਿੰਘ ਨੇ ਐੱਨਐੱਸਐੱਸ ਦੇ ਉਦੇਸ਼ ਅਤੇ ਮਹੱਤਤਾ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਵਲੰਟੀਅਰਾਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ, ਕੂੜਾ-ਕਰਕਟ ਨੂੰ ਢੁੱਕਵੀਂ ਥਾਂ ’ਤੇ ਸੁੱਟਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰ. ਮਨਜੀਤ ਸਿੰਘ ਨੇ ਵਿਦਿਆਰਥੀਆਂ ਵਿਚ ਬੂਟੇ ਲਗਾਉਣ ਅਤੇ ਵਾਤਾਵਰਣ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਰੁੱਖ ਸਾਡੇ ਜੀਵਨ ਲਈ ਬਹੁਤ ਮਹੱਤਵ ਪੂਰਨ ਹਨ ਅਤੇ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਸਮਾਗਮ ਦੌਰਾਨ ਐੱਨਐੱਸਐੱਸ ਵਲੰਟੀਅਰਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿਚ ਨਿਰੰਤਰ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੰਕਲਪ ਲਿਆ। ਡਾ. ਸੰਗੀਤਾ ਨੇ ਕਿਹਾ ਕਿ ਐੱਨਐੱਸਐੱਸ ਵਿਦਿਆਰਥੀਆਂ ਵਿਚ ਅਨੁਸ਼ਾਸਨ, ਸਹਿਯੋਗ, ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਪੈਦਾ ਕਰਨ ਵਿਚ ਮਹੱਤਵ ਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਵਲੰਟੀਅਰਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਸਰਗਰਮੀਆਂ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਾਲਜ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। । ਪ੍ਰੋਗਰਾਮ ਦੇ ਅੰਤ ਵਿਚ ਐਨਐਸਐਸ ਵਲੰਟੀਅਰਾਂ ਨੂੰ ਵੱਖ-ਵੱਖ ਗਤੀਵਿਧੀਆਂ ਵਿਚ ਆਪਣਾ ਯੋਗਦਾਨ ਪਾਉਣ ਲਈ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ।