ਐੱਨਐੱਸਕਿਊਐੱਫ ਵੋਕੇਸ਼ਨਲ ਟੀਚਰ ਫਰੰਟ ਵੱਲੋਂ 5 ਨੂੰ ਰੋਸ ਰੈਲੀ ਦਾ ਐਲਾਨ ਐਨਐਸਕਿਊਐਫ ਵੋਕੇਸ਼ਨਲ ਟੀਚਰ ਫਰੰਟ ਵੱਲੋਂ 5 ਨੂੰ ਸੰਗਰੂਰ ਵਿਖੇ ਰੋਸ ਰੈਲੀ ਦਾ ਐਲਾਨ
Publish Date: Tue, 01 Sep 2026 03:48 PM (IST)
Updated Date: Tue, 01 Sep 2026 03:49 PM (IST)
- ਮੁੱਖ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ : ਐੱਨਐੱਸਕਿਊਐੱਫ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਐੱਨਐੱਸਕਿਊਐੱਫ ਵੋਕੇਸ਼ਨਲ ਟੀਚਰ ਫਰੰਟ ਪੰਜਾਬ ਦੀ ਸੂਬਾ ਕਮੇਟੀ ਮੈਂਬਰਾਂ ਅਤੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਭਰ ਦੇ ਐੱਨਐੱਸਕਿਊਐੱਫ ਵੋਕੇਸ਼ਨਲ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਸੰਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਫਰੰਟ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ, ਸੰਗਰੂਰ ਵਿਖੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਫਰੰਟ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾ ਵਿਚ ਆਏ ਕਾਫ਼ੀ ਸਮਾਂ ਬੀਤ ਚੁੱਕਾ ਹੈ ਅਤੇ ਐੱਨਐੱਸਕਿਊਐੱਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਸਰਕਾਰ ਦੇ ਧਿਆਨ ਵਿਚ ਲਿਆਂਦੀਆਂ ਜਾ ਰਹੀਆਂ ਹਨ। ਸਰਕਾਰ ਦੇ ਮੰਤਰੀਆਂ, ਅਧਿਕਾਰੀਆਂ ਅਤੇ ਵੱਖ-ਵੱਖ ਪੱਧਰਾਂ ’ਤੇ ਹੋਈਆਂ ਮੀਟਿੰਗਾਂ ਦੇ ਬਾਵਜੂਦ ਹਾਲੇ ਤੱਕ ਐੱਨਐੱਸਕਿਊਐੱਫ ਵੋਕੇਸ਼ਨਲ ਅਧਿਆਪਕਾਂ ਦੇ ਮੁੱਖ ਮਸਲਿਆਂ ਦਾ ਕੋਈ ਠੋਸ ਅਤੇ ਸਥਾਈ ਹੱਲ ਨਹੀਂ ਕੀਤਾ ਗਿਆ। ਫਰੰਟ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਭਰੋਸੇ ਦਿੱਤੇ ਜਾਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਐੱਨਐੱਸਕਿਊਐੱਫ ਵੋਕੇਸ਼ਨਲ ਅਧਿਆਪਕਾਂ ਵਿਚ ਭਾਰੀ ਰੋਸ ਪੈਦਾ ਹੋ ਰਿਹਾ ਹੈ। ਇਸ ਲਈ ਹੁਣ ਫਰੰਟ ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਸਟੇਟ ਮੈਂਬਰ ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੋਪੜ, ਰਣਜੀਤ ਸਿੰਘ ਨਵਾਂਸ਼ਹਿਰ, ਗੁਰਜੀਤ ਬਠਿੰਡਾ, ਸੁਖਰਾਜ ਤਰਨਤਾਰਨ, ਮਨਪ੍ਰੀਤ ਮੁਕਤਸਰ ਸਾਹਿਬ ਅਤੇ ਮਹਿਤਾਬ ਫਿਰੋਜ਼ਪੁਰ ਅਤੇ ਹੋਰ ਸਾਥੀ ਮੌਜੂਦ ਸਨ।