ਗੈਰ-ਵਿੱਦਿਅਕ ਡਿਊਟੀਆਂ ਸਬੰਧੀ ਸੀਐੱਮ ਤੇ ਸਿੱਖਿਆ ਵਿਭਾਗ ਨੂੰ ਭੇਜਿਆ ਨੋਟਿਸ ਗੈਰ-ਵਿੱਦਿਅਕ ਡਿਊਟੀਆਂ ਸੰਬੰਧੀ ਮੁੱਖ ਮੰਤਰੀ ਤੇ ਸਿੱਖਿਆ ਵਿਭਾਗ ਨੂੰ ਭੇਜਿਆ ਨੋਟਿਸ
Publish Date: Tue, 15 Sep 2026 06:49 PM (IST)
Updated Date: Tue, 15 Sep 2026 06:50 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਦੀਆਂ ਸਮੁੱਚੀਆ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਸੱਦੇ ਅਨੁਸਾਰ ਅਧਿਆਪਕ ਆਗੂਆਂ ਜਸਵਿੰਦਰ ਔਜਲਾ, ਬਿਕਰਮਜੀਤ ਸਿੰਘ ਰਾਹੋਂ, ਜੁਝਾਰ ਸਿੰਘ ਸਹੂੰਗੜਾ, ਹਰਮਿੰਦਰ ਸਿੰਘ ਉੱਪਲ, ਅਜੈ ਕੁਮਾਰ ਚਾਹੜ ਮਜਾਰਾ, ਰਾਜਵਿੰਦਰ ਲਾਖਾ ਦੀ ਅਗਵਾਈ ਵਿਚ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਤੱਕ ਨੋਟਿਸ ਪੱਤਰ ਭੇਜਿਆ ਗਿਆ ਹੈ। ਆਗੂਆਂ ਨੇ ਦੱਸਿਆ ਕਿ ਨੋਟਿਸ ’ਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ/ਪ੍ਰਾਇਮਰੀ ਸਿੱਖਿਆ ਦਫ਼ਤਰ ਰਾਹੀਂ ਗੈਰ-ਵਿੱਦਿਅਕ ਡਿਊਟੀਆਂ (ਰਾਸ਼ਨ ਕਾਰਡ ਵੈਰੀਫਿਕੇਸ਼ਨ, ਹੈਲਥ ਕਾਰਡ, ਪਰਾਲੀ ਪ੍ਰਬੰਧਨ ਆਦਿ) ਪ੍ਰਾਇਮਰੀ ਪੱਧਰ ਅਤੇ ਸੈਕੰਡਰੀ ਪੱਧਰ ਦੀਆਂ ਸਕੂਲੀ ਖੇਡਾਂ ਲਈ ਲੋੜੀਂਦੇ ਫੰਡ ਮਿਲਣ ਤੱਕ ਖੇਡਾਂ ਨਾ ਕਰਵਾਉਣ, ਵਤਨ ਪੰਜਾਬ ਦੀਆਂ ਖੇਡਾਂ ਵਿਚ ਦਬਾਅ ਹੇਠ ਰਜਿਸਟ੍ਰੇਸ਼ਨ ਨਾ ਕਰਵਾਉਣ, ਸਕੂਲਾਂ ਵਿਚ ਸਫਾਈ ਸੇਵਕਾਂ ਦਾ ਪ੍ਰਬੰਧ ਕਰਨ, ਐੱਸਐੱਮਸੀ ਦੀਆਂ ਟ੍ਰੇਨਿੰਗਾਂ ਵਿਚ ਪੰਜਾਬ ਸਰਕਾਰ ਦੀਆਂ ਗੈਰ ਵਿੱਦਿਅਕ ਸਕੀਮਾਂ ਦਾ ਪ੍ਰਚਾਰ ਨਾ ਕਰਨ, ਬੇਲੋੜੀਆਂ ਡਾਕਾਂ ਅਤੇ ਗੂਗਲ ਫਾਰਮ ਬੰਦ ਕਰਨ, ਐੱਸਐੱਨਏ ਸਪਰਸ਼ ਦੀਆਂ ਸਮੱਸਿਆਵਾਂ ਦੇ ਯੋਗ ਹੱਲ, ਅਧਿਆਪਕਾਂ ਦੇ ਤਨਖਾਹ ਕਮਿਸ਼ਨ ਦੇ ਸਮੁੱਚੇ ਲਾਭ ਜਾਰੀ ਕਰਨ, ਡੀਏ ਪੁਰਾਣੀ ਪੈਨਸ਼ਨ ਪੁਰਾਣੇ ਸਕੇਲ ਅਤੇ ਭੱਤੇ ਬਹਾਲ ਕਰਨ ਆਦਿ ਨੂੰ ਲੈ ਕੇ ਸੱਤ ਦਿਨਾਂ ਦਾ ਨੋਟਿਸ ਭੇਜਿਆ ਗਿਆ। ਨੋਟਿਸ ਰਾਹੀਂ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇੱਕ ਹਫਤੇ ਵਿਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਇਨ੍ਹਾਂ ਮੰਗਾਂ ’ਤੇ ਕੋਈ ਹਾਂ ਪੱਖੀ ਰਵੱਈਆ ਨਹੀਂ ਅਪਣਾਉਂਦੀ ਤਾਂ ਇਨ੍ਹਾਂ ਗੈਰ ਵਿੱਦਿਅਕ ਕੰਮਾਂ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸਮੇਂ ਅਧਿਆਪਕਾਂ ਨੂੰ ਸਕੂਲਾਂ ਵਿਚ ਪੜ੍ਹਣ-ਪੜ੍ਹਾਉਣ ਦੇ ਕੰਮ ਲਈ ਸਕੂਲਾਂ ਵਿਚ ਰਹਿਣ ਦਿੱਤਾ ਜਾਵੇ। ਕਿਉਂਕਿ ਇਸ ਸਮੇਂ ਸਕੂਲਾਂ ਵਿਚ ਸਤੰਬਰ ਪ੍ਰੀਖਿਆਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਤੇ ਸਟੇਟ ਪੱਧਰ ਦੀਆਂ ਖੇਡਾਂ ਵੀ ਚੱਲ ਰਹੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਬਿਲਕੁਲ ਸੰਜੀਦਾ ਨਾ ਹੋ ਕੇ ਡੰਗ ਟਪਾਊ ਨੀਤੀ ਤੇ ਚੱਲ ਰਹੀ ਹੈ। ਅਧਿਆਪਕ ਵਰਗ ਦਾ ਵੱਡਾ ਹਿੱਸਾ ਐੱਸਆਈਆਰ ਵਿਚ ਡਿਊਟੀ ’ਤੇ ਤਾਇਨਾਤ ਹੈ। ਇਸ ਕਰਕੇ ਅਧਿਆਪਕਾਂ ਵਿਚ ਰੋਸ ਵੀ ਹੈ ਕਿਉਂਕਿ ਅਧਿਆਪਕ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਹਨ। ਇਸ ਮੌਕੇ ਮਨਜੀਤ ਰਾਮ, ਭੁਪਿੰਦਰ ਸੜੋਆ, ਗੁਰਨਾਮ ਸਿੰਘ, ਪਵਨ ਕੁਮਾਰ, ਗੁਰਮੁਖ ਸਿੰਘ, ਚੰਦਰ ਸ਼ੇਖਰ ਵਰਮਾ, ਵਿਨੈ ਕੁਮਾਰ, ਸਤਿੰਦਰ ਸੋਢੀ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਦੀਸ਼ ਸਿੰਘ, ਨਵੀਨ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।