ਨੋਡਲ ਅਫ਼ਸਰ ਕਮ ਕਮਿਸ਼ਨਰ ਫਰੀਦਕੋਟ ਕੰਵਲਪ੍ਰੀਤ ਬਰਾੜ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ ਨੋਡਲ ਅਫ਼ਸਰ ਕਮ ਕਮਿਸ਼ਨਰ ਫਰੀਦਕੋਟ ਕੰਵਲਪ੍ਰੀਤ ਬਰਾੜ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
Publish Date: Thu, 26 Nov 2026 04:49 PM (IST)
Updated Date: Thu, 26 Nov 2026 04:49 PM (IST)
ਸ਼੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਜ਼ਰੂਰੀ ਮੀਟਿੰਗ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਸਰਕਾਰ ਦੇ ਸੱਭਿਆਚਾਰ ਵਿਭਾਗ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਆਯੋਜਿਤ ਕੀਤੀਆਂ ਜਾ ਰਹੀਆਂ ਚਾਰ ਸ਼ੋਭਾ ਯਾਤਰਾਵਾਂ ਵਿੱਚੋਂ ਦੂਜੇ ਰੂਟ ਦੀ ਸ਼ੋਭਾ ਯਾਤਰਾ ਲਈ ਨਿਯੁਕਤ ਨੋਡਲ ਅਫ਼ਸਰ ਕਮਿਸ਼ਨਰ ਫਰੀਦਕੋਟ ਕੰਵਲਪ੍ਰੀਤ ਬਰਾੜ ਵੱਲੋਂ ਸ਼ੋਭਾ ਯਾਤਰਾ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੂਜੇ ਰੂਟ ਫਰੀਦਕੋਟ ਤੋਂ ਖੁਰਾਲਗੜ੍ਹ ਵਿਖੇ ਪੁੱਜਣ ਵਾਲੀ ਸ਼ੋਭਾ ਯਾਤਰਾ ਸਬੰਧੀ ਕੀਤੇ ਗਏ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ 3 ਦਸੰਬਰ ਨੂੰ ਫਗਵਾੜਾ ਤੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀਆਂ ਹੋਈਆਂ ਸ਼ੋਭਾ ਯਾਤਰਾ ਖੁਰਾਲਗੜ੍ਹ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਪੁੱਜੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਖੇ ਸ਼ੋਭਾ ਯਾਤਰਾ ਦੇ ਪੁੱਜਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੁੱਲਾਂ ਨਾਲ ਭਰਵਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਸ਼ੋਭਾ ਯਾਤਰਾ ਦੇ ਸ਼ਾਨਦਾਰ ਸਵਾਗਤ ਅਤੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਵਿਭਾਗ ਨੂੰ ਸਮੇਂ ਸਿਰ ਤਿਆਰੀਆਂ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ੋਭਾ ਯਾਤਰਾ ਸਬੰਧੀ ਐਮਰਜੰਸੀ ਰਿਸਪੋਸ ਟੀਮ ਅਤੇ ਕੰਟੋਰਲ ਰੂਮ ਬਣਾਉਣ ਅਤੇ ਫੂਡ ਸੇਫਟੀ ਟੀਮਾਂ ਵੀ ਨਿਯੁਕਤ ਕਰਨ। ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਕੰਵਲਪ੍ਰੀਤ ਬਰਾੜ ਨੇ ਪੁਲਿਸ, ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ ਅਥਾਰਟੀ, ਮੰਡੀ ਬੋਰਡ, ਨਗਰ ਕੌਂਸਲਾਂ, ਸਿਹਤ ਵਿਭਾਗ, ਪੰਜਾਬ ਰਾਜ ਪਾਵਰਕਾਮ, ਡੀਡੀਪੀਓ, ਬੀਡੀਪੀਓਜ਼, ਜੰਗਲਾਤ, ਫਾਇਰ ਬ੍ਰਿਗੇਡ ਅਤੇ ਪਬਲਿਕ ਹੈਲਥ ਸਮੇਤ ਸਾਰੇ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਜ਼ਿੰਮੇਵਾਰੀਆਂ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੜਕਾਂ ਦੀ ਮੁਰੰਮਤ, ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਸਿਹਤ ਸਹੂਲਤਾਂ, ਬਿਜਲੀ ਦੀਆਂ ਲਟਕਦੀਆਂ ਤਾਰਾਂ ਦੀ ਮੁਰੰਮਤ, ਰੂਟ ਚ ਪੈਂਦੇ ਦਰਖਤਾਂ ਦੀ ਛੰਗਾਈ, ਸੁਰੱਖਿਆ ਅਤੇ ਆਵਾਜਾਈ ਦੇ ਸੁਚਾਰੂ ਪ੍ਰਬੰਧ ਯਕੀਨੀ ਬਣਾਉਣ ਤੇ ਵੀ ਜ਼ੋਰ ਦਿੱਤਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਵਿਸ਼ਵਾਸ ਦਿਵਾਇਆ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰ ਲਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਦੂਜੇ ਰੂਟ ਦੀ ਸ਼ੋਭਾ ਯਾਤਰਾ 2 ਦਸੰਬਰ 2026 ਨੂੰ ਫਰੀਦਕੋਟ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ 3 ਦਸੰਬਰ ਨੂੰ ਫਗਵਾੜਾ ਰਾਹੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਦਾਖਲ ਹੋਵੇਗੀ। ਜ਼ਿਲ੍ਹੇ ਵਿਚ ਪ੍ਰਵੇਸ਼ ਕਰਨ ਤੇ ਪਿੰਡ ਮੇਹਲੀ (ਤਹਿਸੀਲ ਬੰਗਾ) ਵਿਖੇ ਮਾਰਬਲ ਰਿਜ਼ੋਰਟ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਹ ਯਾਤਰਾ ਬੰਗਾ, ਨਵਾਂਸ਼ਹਿਰ ਦੇ ਸ਼ਹਿਰ, ਚੰਡੀਗੜ੍ਹ ਚੌਕ, ਲੰਗੜੋਆ ਅਤੇ ਮੁਕਾਰਕਪੁਰ ਤੋਂ ਹੁੰਦੀ ਹੋਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵੱਲ ਰਵਾਨਾ ਹੋਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਰਵਿੰਦ ਕੁਮਾਰ, ਐਸਡੀਐਮ ਨਵਾਂਸ਼ਹਿਰ ਕੁਲਦੀਪ ਚੰਦ, ਐਸਡੀਐਮ ਬੰਗਾ ਵਰੁਨ ਕੁਮਾਰ, ਐਸਡੀਐਮ ਬਲਾਚੌਰ ਕਰਨ ਗੁਪਤਾ, ਐਸਡੀਐਮ ਫਗਵਾੜਾ ਡਾ. ਨਵਜੋਤ ਕੌਰ, ਸਹਾਇਕ ਕਮਿਸ਼ਨਰ (ਜਨਰਲ) ਪਰਮਿੰਦਰ ਕੌਰ, ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।