ਮਠਿਆਈਆਂ ਦੀ ਗੁਣਵੱਤਾ ’ਤੇ ਕੋਈ ਸਮਝੌਤਾ ਨਹੀਂ : ਏਡੀਸੀ (ਫੂਡ) ਮਿਠਾਈਆਂ ਦੀ ਗੁਣਵੱਤਾ 'ਤੇ ਕੋਈ ਸਮਝੌਤਾ ਨਹੀਂ-ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ
Publish Date: Fri, 25 Sep 2026 06:56 PM (IST)
Updated Date: Fri, 25 Sep 2026 06:57 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣ ਲਈ ਕਮਿਸ਼ਨਰ ਫੂਡ ਸੇਫਟੀ ਪੰਜਾਬ ਕੰਵਲਪ੍ਰੀਤ ਬਰਾੜ ਦੀਆਂ ਹਦਾਇਤਾਂ ਅਨੁਸਾਰ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹੇ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ ਨੇ ਦੱਸਿਆ ਕਿ 19 ਅਤੇ 20 ਸਤੰਬਰ ਨੂੰ ਬਲਾਚੌਰ ਅਤੇ ਨਵਾਂਸ਼ਹਿਰ ਖੇਤਰ ਵਿਚ 10 ਹਲਵਾਈਆਂ/ਬੇਕਰੀਆਂ ਦੀਆਂ ਵਰਕਸ਼ਾਪਾਂ ਦੀ ਜਾਂਚ ਕੀਤੀ ਗਈ। ਸਫ਼ਾਈ ਸਬੰਧੀ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ 2 ਵਰਕਸ਼ਾਪਾਂ ਦੇ ਚਾਲਾਨ ਕੀਤੇ ਗਏ, ਜਦਕਿ 10 ਸੁਧਾਰ ਨੋਟਿਸ ਵੀ ਜਾਰੀ ਕੀਤੇ ਗਏ। ਸਬੰਧਿਤ ਕਾਰੋਬਾਰੀਆਂ ਨੂੰ ਪਾਈਆਂ ਗਈਆਂ ਕਮੀਆਂ ਤੁਰੰਤ ਦੂਰ ਕਰਨ ਅਤੇ ਫੂਡ ਸੇਫਟੀ ਐਕਟ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਇਸੇ ਤਰ੍ਹਾਂ 22 ਤੋਂ 24 ਸਤੰਬਰ ਤੱਕ ਹਲਵਾਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕਰਦਿਆਂ 14 ਦੁਕਾਨਾਂ ਦੀ ਜਾਂਚ ਕੀਤੀ ਅਤੇ ਲੋੜ ਅਨੁਸਾਰ ਸੁਧਾਰ ਨੋਟਿਸ ਜਾਰੀ ਕੀਤੇ ਗਏ। ਇਹ ਕਾਰਵਾਈ ਗੜ੍ਹੀ ਕਾਨੂੰਨਗੋ, ਬਲਾਚੌਰ ਅਤੇ ਰਾਹੋਂ ਰੋਡ ਸਮੇਤ ਵੱਖ-ਵੱਖ ਖੇਤਰਾਂ ਵਿਚ ਕੀਤੀ ਗਈ। ਚੈਕਿੰਗ ਦੌਰਾਨ ਬਾਸੀ ਅਤੇ ਮਨੁੱਖੀ ਖਪਤ ਲਈ ਅਯੋਗ ਕੁੱਲ 60 ਕਿਲੋਗ੍ਰਾਮ ਮਠਿਆਈਆਂ ਮੌਕੇ ’ਤੇ ਹੀ ਨਸ਼ਟ ਕਰਵਾਈਆਂ ਗਈਆਂ। ਇਨ੍ਹਾਂ ਵਿਚ ਰੰਗਦਾਰ ਮਠਿਆਈਆਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਲੰਗੜੋਆ ਅਤੇ ਨਵਾਂਸ਼ਹਿਰ ਵਿਖੇ ਕੀਤੀ ਗਈ ਚੈਕਿੰਗ ਦੌਰਾਨ 36 ਕਿਲੋਗ੍ਰਾਮ ਮਠਿਆਈਆਂ ਨਸ਼ਟ ਕਰਵਾਈਆਂ ਗਈਆਂ। ਫੂਡ ਸੇਫਟੀ ਟੀਮ ਵੱਲੋਂ ਟੋਲ ਪਲਾਜ਼ਾ ਨੇੜੇ ਨਾਕਾ ਲਗਾ ਕੇ ਜ਼ਿਲ੍ਹੇ ਤੋਂ ਬਾਹਰੋਂ ਆਉਣ ਵਾਲੀਆਂ ਗੱਡੀਆਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਤਿਉਹਾਰਾਂ ਦੇ ਸੀਜ਼ਨ ਦੌਰਾਨ ਜ਼ਿਲ੍ਹੇ ਵਿਚ ਆਉਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਫੂਡ ਸੇਫਟੀ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਇਹ ਵਿਸ਼ੇਸ਼ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ। ਮਠਿਆਈ ਵਿਕਰੇਤਾਵਾਂ ਅਤੇ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ ਵਾਲੇ ਮਠਿਆਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵਰਕਸ਼ਾਪਾਂ ਅਤੇ ਦੁਕਾਨਾਂ ਵਿਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਅਤੇ ਫੂਡ ਸੇਫਟੀ ਐਕਟ ਅਧੀਨ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਫੂਡ ਸੇਫਟੀ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।