ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਨਿਰਮਲ ਸਾਗਰ ਸਕੂਲ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ
Publish Date: Thu, 03 Sep 2026 04:23 PM (IST)
Updated Date: Thu, 03 Sep 2026 04:25 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਜ਼ਿਲ੍ਹਾ ਪੱਧਰੀ ਕਬੱਡੀ ਟੂਰਨਾਮੈਂਟ ਵਿਚ ਸਕੂਲ ਦੀਆਂ ਅੰਡਰ-14 ਅਤੇ ਅੰਡਰ-17 ਕੁੜੀਆਂ ਦੀਆਂ ਟੀਮਾਂ ਨੇ ਆਪਣੇ-ਆਪਣੇ ਵਰਗ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਜਿੱਤ ਦਾ ਪਰਚਮ ਲਹਿਰਾਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਦੇ ਸੀਨੀਅਰ ਕੋਚ ਰਣਜੀਤ ਸਿੰਘ ਅਤੇ ਕੋਚ ਨਾਨਕ ਸਿੰਘ ਦੀ ਅਗਵਾਈ ਹੇਠ ਦੋਵੇਂ ਟੀਮਾਂ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਟੀਮ ਦੀ ਕਪਤਾਨ ਹੇਜ਼ਲ ਅਤੇ ਅੰਡਰ-17 ਟੀਮ ਦੀ ਕਪਤਾਨ ਜੋਤਪ੍ਰੀਤ ਕੌਰ ਨੇ ਟੀਮਾਂ ਨੂੰ ਸਫਲਤਾ ਦੇ ਸ਼ਿਖਰ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਟੂਰਨਾਮੈਂਟ ਦੌਰਾਨ ਅੰਡਰ-14 ਵਰਗ ਦੀ ਖਿਡਾਰਨ ਹਰਕਮਲ ਕੌਰ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਬੈੱਸਟ ਰੇਡਰ ਐਲਾਨਿਆ ਗਿਆ। ਜਦਕਿ ਅੰਡਰ-17 ਵਰਗ ਦੀ ਮਨਵੀਰ ਕੌਰ ਨੇ ਵੀ ਆਪਣੇ ਦਮਦਾਰ ਖੇਡ ਪ੍ਰਦਰਸ਼ਨ ਨਾਲ ਬੈਸਟ ਰੇਡਰ ਦਾ ਸਨਮਾਨ ਪ੍ਰਾਪਤ ਕੀਤਾ। ਦੂਜੇ ਪਾਸੇ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਕੋਚ ਸੂਰਜ ਸਿੰਘ ਦੀ ਅਗਵਾਈ ਅਧੀਨ ਅੰਡਰ-19 ਵਰਗ ਦੇ ਖਿਡਾਰੀ ਕਰਨਵੀਰ ਸਿੰਘ ਅਤੇ ਪ੍ਰੀਤ ਨਿੱਝਰ ਨੇ ਦੂਜਾ ਸਥਾਨ ਹਾਸਲ ਕਰ ਕੇ ਸਕੂਲ ਦੀ ਝੋਲੀ ਵਿਚ ਇੱਕ ਹੋਰ ਉਪਲਬਧੀ ਪਾਈ। ਇਸ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਦੇ ਡਾਇਰੈਕਟਰ ਸੰਜੇ ਪਾਸੀ, ਪ੍ਰਿੰ. ਮੀਨਾਕਸ਼ੀ ਚੱਡਾ ਅਤੇ ਸਟਾਫ਼ ਨੇ ਸਾਰੇ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਹਰ ਸੰਭਵ ਮੌਕਾ ਪ੍ਰਦਾਨ ਕਰਦਾ ਰਹੇਗਾ।