ਨਵਾਂਸ਼ਹਿਰ ’ਚ ਐੱਨਐੱਚਐੱਮ ਯੂਨੀਅਨ ਨੇ ਲਗਾਇਆ ਧਰਨਾ ਨਵਾਂਸ਼ਹਿਰ 'ਚ ਐਨਐਚਐਮ ਯੂਨੀਅਨ ਨੇ ਦਿੱਤਾ ਰੋਸ ਧਰਨਾ
Publish Date: Thu, 20 Aug 2026 04:51 PM (IST)
Updated Date: Thu, 20 Aug 2026 04:54 PM (IST)
- ਪਿੰਡ ਖਟਕੜ ਕਲਾਂ ’ਚ ਬੰਗਾ ਵਿਧਾਇਕ ਡਾ. ਐੱਸਕੇ ਸੁੱਖੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ ਪ੍ਰਦੀਪ ਭਨੋਟ, ਪੰਜਾਬੀ ਜਾਰਗਣ ਨਵਾਂਸ਼ਹਿਰ : ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਰ ਕੇ ਪੂਰਨ ਤੌਰ ’ਤੇ ਕੰਮ ਬੰਦ ਕਰਦਿਆਂ ਕਲਮ ਛੋੜ ਹੜਤਾਲ ਜਾਰੀ ਰੱਖੀ। ਇਸ ਮੌਕੇ ਰਾਮ ਸਿੰਘ ਡੀਪੀਐੱਮ, ਰਵਿੰਦਰ ਕੌਰ ਅਕਾਊਂਟੈਂਟ, ਨਰੇਸ਼ ਅਕਾਊਂਟੈਂਟ, ਅਮਨਦੀਪ ਕੌਰ ਇਨਫੋਰਮੇਸ਼ਨ ਅਸਿਸਟੈਂਟ ਨੇ ਦੱਸਿਆ ਕਿ ਐਨਐੱਚਐਮ ਇੰਪਲਾਈਜ਼ ਯੂਨੀਅਨ ਵੱਲੋਂ 21 ਅਗਸਤ ਨੂੰ ਪਿੰਡ ਖਟਕੜ ਕਲਾਂ ਵਿਖੇ ਬੰਗਾ ਵਿਧਾਇਕ ਡਾ. ਐੱਸਕੇ ਸੁੱਖੀ ਰਾਹੀਂ ਇਕ ਮੰਗ ਪੱਤਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਤੇ ਸਰਕਾਰ ਨਾਲ ਮੀਟਿੰਗਾਂ ਦੌਰਾਨ ਅਕਸਰ ਬਜਟ ਜਾਂ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦੇ ਕੇ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਅਤੇ ਦਹਾਕਿਆਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਇਸ ਮੌਕੇ ਵਿਭਾਗ ਦੇ ਕਰਮਚਾਰੀਆਂ ਪ੍ਰਤੀ ਇਸ ਰੁੱਖੇ ਰਵੱਈਏ ਕਰ ਕੇ ਇਹ ਫੈਸਲਾ ਲਿਆ ਕਿ 17 ਅਗਸਤ 2026 ਤੋਂ 24 ਅਗਸਤ 2026 ਤੱਕ ਐੱਨਐੱਚਐੱਮ ਪੰਜਾਬ ਦੇ ਸਾਰੇ ਕਰਮਚਾਰੀਆਂ ਵੱਲੋਂ ਉਨ੍ਹਾਂ ਨਾਲ ਸਬੰਧਿਤ ਮੈਡੀਕਲ/ਪੈਰਾ-ਮੈਡੀਕਲ) ਮੀਟਿੰਗਾਂ, ਟ੍ਰੇਨਿੰਗਾਂ, ਹਰ ਤਰ੍ਹਾਂ ਦਾ ਕੰਮ/ਰਿਪੋਰਟਿੰਗ ਬੰਦ ਕਰਦੇ ਹੋਏ ਕਲਮ ਛੋੜ ਕੰਪਿਊਟਰ ਬੰਦ ਹੜਤਾਲ ਕਰਦੇ ਹੋਏ ਸਿਵਲ ਸਰਜਨ ਐੱਸਐੱਮਓ ਦਫ਼ਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਜੇਕਰ ਸਰਕਾਰ ਮੰਗਾ ਵੱਲ ਧਿਆਨ ਨਹੀਂ ਦਿੰਦੀ ਤਾਂ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਅੱਗੇ ਵਧਾਇਆ ਜਾ ਸੱਕਦਾ ਹੈ। ਪਿਛਲੇ ਸਾਢੇ ਚਾਰ ਸਾਲ ਤੋਂ ਵਾਰ ਵਾਰ ਬੇਸਿੱਟਾ ਰਹੀਆਂ ਮੀਟਿੰਗਾਂ ਦੇ ਰੋਸ਼ ਵਜੋਂ ਇਸ ਹੜਤਾਲ ਦੇ ਨਾਲ ਜੇਕਰ ਕੋਈ ਵਿਭਾਗੀ ਖਲਲ ਪੈਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਆਪ ਨੂੰ ਮੁੜ ਬੇਨਤੀ ਹੈ ਕਿ ਕਰਮਚਾਰੀਆਂ ਦੀ ਤਨਖਾਹਾਂ ਵਿੱਚ ਵਾਧੇ ਦੀ ਜਾਇਜ਼ ਅਤੇ ਹੱਕੀ ਮੰਗ ਦੀ ਪੂਰਤੀ ਸਬੰਧੀ ਜਲਦੀ ਕੋਈ ਲਿਖਤੀ ਭਰੋਸਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੀਆਂ ਅਹਿਮ ਸਿਹਤ ਸੇਵਾਵਾਂ ਨਿਰਵਿਘਨ ਜਾਰੀ ਰਹਿਣ। ਯੂਨੀਅਨ ਆਗੂਆਂ ਦੀ ਹੋਈ ਮੀਟਿੰਗ ਵਿਚ ਵਿਭਾਗ ਦਾ ਸਾਡੀਆਂ ਮੰਗਾਂ ਪ੍ਰਤੀ ਰਵੱਈਆ ਨਿਰਾਸ਼ਾਜਨਕ ਅਤੇ ਨਾਂਹਪੱਖੀ ਰਿਹਾ। ਜਿਸ ਦੇ ਰੋਸ ਵਜੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਕਲਮਛੋੜ/ਕੰਮ ਛੋੜ ਹੜਤਾਲ 24 ਅਗਸਤ 2026 ਤੱਕ ਜਾਰੀ ਰਹੇਗੀ ਅਤੇ ਜੇਕਰ ਸਰਕਾਰ ਨੇ 24 ਅਗਸਤ 2026 ਦੀ ਪੈਨਲ ਮੀਟਿੰਗ ਤੱਕ ਕੋਈ ਲਿਖਤੀ ਭਰੋਸਾ ਨਾ ਦਿੱਤਾ ਤਾਂ ਹੜਤਾਲ ਨੂੰ ਅਣਮਿੱਥੇ ਸਮੇਂ ਤੱਕ ਵਧਾਇਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਮੁਲਾਜ਼ਮ ਹਿੱਤ ਵਿਚ ਨੈਸ਼ਨਲ ਹੈਲਥ ਮਿਸ਼ਨ ਦੀਆਂ ਵੱਖ-ਵੱਖ ਯੂਨੀਅਨਾਂ/ਐਸੋਸੀਏਸ਼ਨ/ਕੇਡਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਲਈ ਗਈ ਹੈ ਅਤੇ ਅੱਜ ਤੋਂ ਇਸ ਹੜਤਾਲ/ਸੰਘਰਸ਼ ਨੂੰ ਇੱਕ ਸਾਂਝੇ ਮੰਚ/ਮੁਹਾਜ਼ ਤੋਂ ਸਾਂਝੀ ਕਮੇਟੀ ਬਣਾ ਕੇ ਲੜਿਆ ਜਾਵੇਗਾ। ਇਸ ਮੌਕੇ ਮਨਿੰਦਰ ਸਿੰਘ ਅਕਾਊਂਟੈਂਟ ਪ੍ਰਧਾਨ, ਅਮਨਦੀਪ ਕੌਰ ਇਨਫੋਰਮੇਸ਼ਨ ਅਸਿਸਟੈਂਟ, ਡਾ. ਸੋਨੀਆ ਸੀਐੱਚਓ, ਅਨੁਪਮ ਏਐੱਨਐੱਮ, ਅਜੈ ਕੁਮਾਰ ਸੀਨੀਅਰ ਸਹਾਇਕ ਸਿਵਲ ਸਰਜਨ ਆਫਿਸ, ਡਾ. ਦਲਜੀਤ ਸੀਐੱਚਓ, ਬਲਜੀਤ ਕੌਰ ਅਤੇ ਏਐੱਨਐੱਮ ਸੁਰੇਖਾ ਰਾਣੀ, ਅਸ਼ਵਨੀ ਐੱਸਏ, ਪੂਜਾ ਏਐੱਚਏ ਅਤੇ ਬਾਕੀ ਸਟਾਫ ਮੌਜੂਦ ਸਨ।